ਧਰਮ ਕੀ ਹੈ? ਇਹ ਗੂੜ੍ਹ ਸਵਾਲ ਹੈ। ਹਰ ਵਿਅਕਤੀ ਸਵੈ-ਵਿਵੇਕ ਦੇ ਆਧਾਰ ’ਤੇ ਧਰਮ ਦੀ ਵਿਆਖਿਆ ਕਰਦਾ ਆਇਆ ਹੈ। ਭੁੱਖੇ ਵਿਅਕਤੀ ਲਈ ਸਭ ਤੋਂ ਵੱਡਾ ਧਰਮ ਰੋਟੀ ਹੈ। ਆਪਣੇ ਪੇਟ ਦੀ ਅੱਗ ਬੁਝਾਉਣੀ ਹੀ ਉਸ ਦਾ ਸਭ ਤੋਂ ਵੱਡਾ ਧਰਮ ਹੈ। ਸੰਕਟ ਵਿਚ ਫਸੇ ਹੋਏ ਵਿਅਕਤੀ ਨੂੰ ਸੰਕਟ ਮੁਕਤ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਪਰ ਰਿਸ਼ੀਆਂ-ਮੁਨੀਆਂ ਨੇ ਧਰਮ ਦੀਆਂ ਹੋਰ ਵੀ ਪਰਿਭਾਸ਼ਾਵਾਂ ਦਿੱਤੀਆਂ ਹਨ। ਧਰਮ ਦੀ ਵਿਆਖਿਆ ਕਰਨ ਵਾਲਿਆਂ ਨੇ ਦੱਸਿਆ ਕਿ ਸਬਰ, ਮਾਫ਼ੀ, ਸੱਚਾਈ, ਪਵਿੱਤਰਤਾ, ਆਤਮ-ਸੰਜਮ, ਬੁੱਧੀ, ਵਿੱਦਿਆ ਅਤੇ ਗੁੱਸਾ ਨਾ ਕਰਨਾ ਆਦਿ ਨੂੰ ਹਰ ਤਰ੍ਹਾਂ ਅੰਗੀਕਾਰ ਕਰਨਾ ਧਰਮ ਹੈ। ਉਨ੍ਹਾਂ ਨੇ ਇਸ ਵਿਚ ਜੋੜਿਆ-ਖ਼ੁਦ ਨੂੰ ਜੋ ਵਿਵਹਾਰ ਚੰਗਾ ਨਾ ਲੱਗੇ, ਉਹ ਹੋਰਾਂ ਨਾਲ ਵੀ ਨਾ ਕਰੋ।’ ਵਿਆਸ ਜੀ ਨੇ ਧਰਮ ਦੀ ਲੰਬੀ ਵਿਆਖਿਆ ਕੀਤੀ।
ਰਾਜਾ, ਪਰਜਾ, ਸਾਧੂ-ਸੰਨਿਆਸੀ ਦੇ ਧਰਮਾਂ ਨੂੰ ਵੰਡਿਆ ਅਤੇ ਧਰਮ ਦੀ ਉਲੰਘਣਾ ਕਰਨ ਦੀ ਮਨਾਹੀ ਕੀਤੀ। ਵਾਤਸਯਾਯਨ ਨੇ ਦੱਸਿਆ ਕਿ ਮਨੁੱਖ ਲਈ ਧਰਮ ਮਨ, ਵਚਨ ਤੇ ਕਰਮ ਹੁੰਦਾ ਹੈ। ਇਹ ਸਿਰਫ਼ ਕਿਰਿਆ ਜਾਂ ਕਰਮਾਂ ਨਾਲ ਸਬੰਧਤ ਨਹੀਂ ਹੈ ਬਲਕਿ ਧਰਮ ਚਿੰਤਨ ਅਤੇ ਬਾਣੀ ਨਾਲ ਸਬੰਧਤ ਹੈ। ਸਪਤ ਰਿਸ਼ੀਆਂ ’ਚੋਂ ਇਕ ਗੌਤਮ ਰਿਸ਼ੀ ਦੀ ਮੰਨੀਏ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਕੰਮ ਨੂੰ ਕਰਨ ਨਾਲ ਸਰਬੱਤ ਦਾ ਭਲਾ ਹੋਵੇ, ਉਹ ਧਰਮ ਹੈ। ਓਥੇ ਹੀ ਕਬੀਰਦਾਸ ਦਾ ਕਹਿਣਾ ਹੈ ਕਿ ‘ਕਬੀਰਾ ਸੋਈ ਪੀਰ ਹੈ, ਜੋ ਜਾਨੇ ਪਰ ਪੀਰ। ਜੋ ਪਰ ਪੀਰ ਨ ਜਾਨਿਅਈ ਸੋ ਕਾਫ਼ਿਰ ਬੇਪੀਰ।’
ਤੁਲਸੀਦਾਸ ਵੀ ਕਬੀਰ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ ਕਿ ‘ਪਰਹਿਤ ਸਰਿਸ ਧਰਮ ਨਹੀਂ ਭਾਈ।’ ਯਾਨੀ ਦੂਜਿਆਂ ਦਾ ਭਲਾ ਕਰਨਾ ਹੀ ਧਰਮ ਹੈ। ਪ੍ਰਯਾਗ ਤੋਂ ਜਲ ਭਰ ਕੇ ਰਾਮੇਸ਼ਵਰਮ ਚੜ੍ਹਾਉਣ ਨਿਕਲੇ ਏਕਨਾਥ ਬਾਬਾ ਰਾਮੇਸ਼ਵਰਮ ਮੰਦਰ ਦੇ ਬਾਹਰ ਬੈਠੇ ਗਧੇ ਨੂੰ ਪਾਣੀ ਪਿਲਾ ਦੇਣਾ ਧਰਮ ਸਮਝਦੇ ਹਨ। ਇਨ੍ਹਾਂ ਸਭ ਵਿਚਾਰਾਂ ਨੂੰ ਵਿਵਹਾਰ ਦੀ ਕਸੌਟੀ ’ਤੇ ਕੱਸਿਆ ਗਿਆ ਤਾਂ ਸਿੱਟਾ ਨਿਕਲਦਾ ਹੈ ਕਿ ਜਦ ਤੱਕ ਪਰਾਈ ਪੀੜ ਲਈ ਸੰਵੇਦਨਾ ਨਾ ਜਾਗੇ, ਜਦ ਤੱਕ ਹੋਰਾਂ ਦੇ ਹਿੱਤਾਂ ਲਈ ਅੰਦਰੋਂ ਭਾਵਾਂ ਦੇ ਧੱਕੇ ਨਾ ਲੱਗਣ, ਉਦੋਂ ਤੱਕ ਸਾਰਾ ਕਰਮਕਾਂਡ, ਸਾਰਾ ਧਰਮ ਗਿਆਨ ਵਿਅਰਥ ਹੈ। ਧਰਮ ਨੂੰ ਮੰਨਣ ਵਾਲਾ ਉਹੀ ਹੈ ਜੋ ਦੀਨ-ਦੁਖੀਆਂ ਦੇ ਦੁੱਖ ਵੰਡ ਸਕੇ। ਇਹੀ ਸੱਚੀ ਪੂਜਾ ਹੈ ਅਤੇ ਇਹੀ ਅਸਲੀ ਧਰਮ ਵੀ।