ਸਨਾਤਨ ਧਰਮ 'ਚ ਗ੍ਰਹਿਣ ਨੂੰ ਅਸ਼ੁਭ ਘਟਨਾ ਮੰਨਿਆ ਜਾਂਦਾ ਹੈ। ਇਸ ਦੌਰਾਨ ਕੋਈ ਵੀ ਸ਼ੁਭ ਜਾਂ ਮੰਗਲ ਕਾਰਜ ਨਹੀਂ ਕੀਤਾ ਜਾਂਦਾ। ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਅੱਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਲੱਗੇਗਾ। ਅਜਿਹੇ 'ਚ ਲੋਕਾਂ ਦੇ ਮਨ 'ਚ ਸਵਾਲ ਉੱਠ ਰਿਹਾ ਹੈ ਕਿ ਘਟਸਥਾਪਨਾ ਕਦੋਂ ਤੇ ਕਿਸ ਸਮੇਂ ਕੀਤੀ ਜਾਵੇ। ਅਸੀਂ ਇਸ ਲੇਖ 'ਚ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ।
ਸਾਲ ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ 2 ਅਕਤੂਬਰ ਨੂੰ ਸਰਵ ਪਿੱਤਰ ਮੱਸਿਆ ਦੀ ਰਾਤ ਨੂੰ ਸ਼ੁਰੂ ਹੋ ਕੇ 3 ਅਕਤੂਬਰ ਨੂੰ ਸਵੇਰੇ ਸਮਾਪਤ ਹੋਵੇਗਾ। ਅੱਸੂ ਦੇ ਨਰਾਤੇ 3 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ। ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਪੂਜਾ ਨਾਲ ਸਬੰਧਤ ਕੋਈ ਕੰਮ ਨਹੀਂ ਕੀਤਾ ਜਾਂਦਾ।
ਸੂਰਜ ਗ੍ਰਹਿਣ ਦਾ ਸਮਾਂ
ਭਾਰਤੀ ਸਮੇਂ ਮੁਤਾਬਕ ਸੂਰਜ ਗ੍ਰਹਿਣ 2 ਅਕਤੂਬਰ ਨੂੰ ਰਾਤ 09.14 ਵਜੇ ਸ਼ੁਰੂ ਹੋਵੇਗਾ। ਇਹ ਅਗਲੇ ਦਿਨ 3 ਅਕਤੂਬਰ ਨੂੰ ਸਵੇਰੇ 03.17 ਵਜੇ ਸਮਾਪਤ ਹੋਵੇਗਾ। ਗ੍ਰਹਿਣ ਸਮੇਂ ਭਾਰਤ 'ਚ ਰਾਤ ਹੋਵੇਗੀ ਤੇ ਨਜ਼ਰ ਨਹੀਂ ਆਵੇਗਾ। ਜਦੋਂ ਸੂਰਜ ਗ੍ਰਹਿਣ ਨਜ਼ਰ ਨਹੀਂ ਆਉਂਦਾ ਤਾਂ ਸੂਤਕ ਕਾਲ ਨਹੀਂ ਮੰਨਿਆ ਜਾਂਦਾ ਹੈ।
ਨਵਰਾਤਰੀ ਘਟਸਥਾਪਨਾ ਲਈ ਸ਼ੁਭ ਸਮਾਂ
ਪੰਚਾਂਗ ਅਨੁਸਾਰ, ਅੱਸੂ ਦੇ ਨਰਾਤਿਆਂ 'ਚ ਘਟਸਥਾਪਨਾ ਲਈ ਦੋ ਸ਼ੁਭ ਮਹੂਰਤ ਹਨ। ਕਲਸ਼ ਸਥਾਪਨਾ ਦਾ ਸ਼ੁਭ ਮਹੂਰਤ 3 ਅਕਤੂਬਰ ਨੂੰ ਸਵੇਰੇ 05.07 ਵਜੇ ਹੈ। ਇਸ ਤੋਂ ਇਲਾਵਾ ਸ਼ੁਭ ਮਹੂਰਤ ਸਵੇਰੇ 11.52 ਮਿੰਟ ਤੋਂ ਦੁਪਹਿਰ 12.40 ਮਿੰਟ ਤਕ ਹੈ।