ਦੀਵਾਲੀ ਦਾ ਤਿਉਹਾਰ ਰੌਸ਼ਨੀ ਜਾਂ ਖੁਸ਼ੀਆਂ ਦਾ ਤਿਉਹਾਰ। ਇਸ ਦਿਨ ਲੋਕ ਘਰਾਂ 'ਚ ਦੀਵੇ ਜਗਾਉਂਦੇ ਹਨ, ਮਠਿਆਈਆਂ ਵੰਡਦੇ ਹਨ ਤੇ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਖਾਂਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ। ਇਸ ਤਿਉਬਹਾਰ 'ਚ ਲੋਕ ਪਟਾਕੇ ਵੀ ਚਲਾਉਂਦੇ ਹਨ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹੁੰਦੇ ਹਨ। ਤੁਸੀਂ ਜਾਣਦੇ ਹੋਵੇਗੇ ਕਿ ਪਟਾਕੇ ਹਵਾ ਪ੍ਰਦੂਸ਼ਣ ਵਧਾਉਂਦੇ ਹਨ, ਜਿਸ ਕਾਰਨ ਸਿਹਤ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਪਟਾਕਿਆਂ ਤੋਂ ਨਿਕਲਿਆਂ ਧੂੰਆਂ ਬੱਚਿਆਂ ਦੀਆ ਅੱਖਾਂ ਲਈ ਹੋਰ ਵੀ ਘਾਤਕ ਸਾਬਤ ਹੋ ਸਕਦਾ ਹੈ।
ਕੀ ਹੈ ਪਟਾਕਿਆਂ ਦਾ ਨੁਕਸਾਨ
ਪਟਾਕਿਆਂ ਨਾਲ ਹੋਣ ਵਾਲਾ ਪ੍ਰਦੂਸ਼ਣ ਬੱਚਿਆਂ ਦੀਆਂ ਅੱਖਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ ਤੇ ਇਸ ਦੇ ਖ਼ਤਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਕਈ ਹਾਨੀਕਾਰਕ ਕੈਮੀਕਲ ਛੱਡਦਾ ਹੈ ਜੋ ਬੱਚਿਆਂ ਦੀਆ ਅੱਖਾਂ 'ਚ ਜਲਣ ਪੈਦਾ ਕਰ ਸਕਦਾ ਹੈ, ਦਰਦ ਦਾ ਕਾਰਨ ਬਣ ਸਕਦਾ ਹੈ ਤੇ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ। ਜਦੋਂ ਬੱਚੇ ਇਸ ਧੂੰਏਂ ਦੇ ਸੰਪਰਕ 'ਚ ਆਉਂਦੇ ਹਨ ਤਾਂ ਛੋਟੇ- ਛੋਟੇ ਕਣ ਉਨ੍ਹਾਂ ਦੀਆਂ ਅੱਖਾਂ 'ਚ ਜਾ ਸਕਦੇ ਹਨ, ਜਿਸ ਨਾਲ ਰੈੱਡਨਸ, ਖਾਰਸ਼ ਤੇ ਅੱਖਾਂ 'ਚ ਐਲਰਜੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਕਿਉਂ ਬੱਚਿਆਂ ਨੂੰ ਰਹਿੰਦੈ ਜ਼ਿਆਦਾ ਖ਼ਤਰਾ
ਬੱਚਿਆਂ ਦੀਆਂ ਅੱਖਾਂ ਇਨ੍ਹਾਂ ਪ੍ਰਭਾਵਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਦੀ ਇਮਿਊਨਟੀ ਅਜੇ ਵਿਕਸਿਤ ਹੋ ਰਹੀ ਹੁੰਦੀ ਹੈ। ਪਟਾਕਿਆਂ ਦੇ ਧੂੰਏਂ 'ਚ ਪਾਏ ਜਾਣ ਵਾਲੇ ਹਾਨੀਕਾਰਕ ਤੱਤ ਵਰਗੇ ਲੀਡ ਤੇ ਬੇਰੀਅਮ ਐਲਰਜੀ ਪੈਦਾ ਕਰ ਸਕਦੇ ਹਨ ਤੇ ਕੋਰਨੀਆ (ਅੱਖ ਦਾ ਪਾਰਦਰਸ਼ੀ ਹਿੱਸਾ ਜੋ ਨਜ਼ਰ ਲਈ ਮਹੱਤਵਪੂਰਨ ਹੈ) ਵੀ ਨੁਕਸਾਨ ਪਹੁੰਚਾ ਸਕਦਾ ਹੈ। ਲੰਮੇਂ ਸਮੇਂ ਤਕ ਧੂੰਏਂ ਦੇ ਸੰਪਰਕ 'ਚ ਰਹਿਣ ਨਾਲ ਅੱਖਾਂ 'ਚ ਲਗਾਤਾਰ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ ਜੋ ਦੇਖਣ 'ਚ ਮੁਸ਼ਕਲ ਤੇ ਅੱਖਾਂ ਨੂੰ ਹੋਰ ਵੀ ਕਈ ਨੁਕਸਾਨ ਪਹੁੰਚਾ ਸਕਦੀ ਹੈ।
ਕੀ ਅੰਨ੍ਹੇਪਣ ਦਾ ਹੋ ਸਕਦਾ ਹੈ ਕਾਰਨ?
ਇਸ ਤੋਂ ਇਲਾਵਾ ਪਟਾਕਿਆਂ ਦੇ ਧੂੰਏਂ 'ਚ ਮੌਜੂਦ ਪ੍ਰਦੂਸ਼ਣ ਬੱਚਿਆਂ 'ਚ ਅਸਥਾਈ ਅੰਨ੍ਹੇਪਣ ਤੇ ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾ ਸਕਦੇ ਹਨ। ਜਿਸ ਨਾਲ ਬਾਹਰ ਖੇਡਣਾ ਤੇ ਹੋਰ ਗਤੀਵਿਧੀਆਂ 'ਚ ਸ਼ਾਮਲ ਹੋਣਾ ਮੁਸ਼ਕਲ ਹੋ ਸਕਦਾ ਹੈ। ਇਸ ਦੇ ਨਾਲ ਹੀ ਪ੍ਰਦੂਸ਼ਿਤ ਵਾਤਾਵਰਨ 'ਚ ਕੰਨਜਕਟਿਵਾਇਟਿਸ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਜੋ ਬੱਚਿਆਂ 'ਚ ਤੇਜ਼ੀ ਨਾਲ ਫੈਲ ਸਕਦਾ ਹੈ।
ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਦਾ ਖ਼ਤਰਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਇਸ ਕਿਸਮ ਦੇ ਪ੍ਰਦੂਸ਼ਣ ਦੇ ਨਿਯਮਿਤ ਸੰਪਰਕ ਨਾਲ ਅੱਖਾਂ ਦੀਆਂ ਗੰਭੀਰ ਅਤੇ ਪੁਰਾਣੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਮੋਤੀਆਬਿੰਦ, ਜੋ ਸਮੇਂ ਦੇ ਨਾਲ ਅੱਖਾਂ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ। ਇਨ੍ਹਾਂ ਖਤਰਿਆਂ ਨੂੰ ਧਿਆਨ 'ਚ ਰੱਖਦੇ ਹੋਏ, ਮਾਪਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੱਚਿਆਂ ਨੂੰ ਇਨ੍ਹਾਂ ਖ਼ਤਰਿਆਂ ਤੋਂ ਬਚਾਉਣ ਲਈ ਕਦਮ ਚੁੱਕਣ। ਬੱਚਿਆਂ ਨੂੰ ਪਟਾਕਿਆਂ ਦੇ ਧੂੰਏਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀਆਂ ਅੱਖਾਂ ਵਿਸ਼ੇਸ਼ ਤੌਰ 'ਤੇ ਸੰਵੇਦਨਸ਼ੀਲ ਹੁੰਦੀਆਂ ਹਨ ਤੇ ਹਾਨੀਕਾਰਕ ਧੂੰਆਂ ਅਤੇ ਗੈਸਾਂ ਸਥਾਈ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਪਟਾਕੇ ਬਿਲਕੁਲ ਨਾ ਚਲਾਓ ਪਰ ਜੇ ਤੁਹਾਡੇ ਆਸ-ਪਾਸ ਲੋਕ ਪਟਾਕੇ ਚਲਾ ਰਹੇ ਹਨ ਤਾਂ ਬੱਚਿਆਂ ਨੂੰ ਉਥੋਂ ਦੂਰ ਰੱਖੋ ਤੇ ਤੁਸੀਂ ਖੁਦ ਵੀ ਉੱਥੋਂ ਦੂਰ ਰਹੋ।