ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁੱਲ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਸੇਧ ਪ੍ਰਾਪਤ ਹੁੰਦੀ ਹੈ, ਅਤੇ ਇਸੇ ਕਰ ਕੇ ਇਨ੍ਹਾਂ ਨੂੰ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ। ਮਹਾਨ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਸਤਿਕਾਰਯੋਗ ਭਗਤਾਂ ਤੇ ਭੱਟਾਂ ਦੀ ਬਾਣੀ ਜਿੱਥੇ ਮਨੁੱਖ ਨੂੰ ਨਾਮ ਸਿਮਰਨ, ਪਰਉਪਕਾਰ ਅਤੇ ਪ੍ਰਭੂ ਪ੍ਰੇਮ ਲਈ ਪ੍ਰੇਰਦੀ ਹੈ, ਉੱਥੇ ਹੀ ਸਮਾਜਿਕ ਕੁਰੀਤੀਆਂ, ਪਖੰਡ ਤੇ ਅਡੰਬਰਾਂ ਨੂੰ ਤਿਆਗ ਕੇ ਪ੍ਰਪੱਕ ਸਮਾਜਿਕ ਮਨੁੱਖ ਬਣਨ ਦੀ ਪ੍ਰੇਰਨਾ ਵੀ ਦਿੰਦੀ ਹੈ।
ਸ੍ਰੀ ਆਦਿ ਗ੍ਰੰਥ ਦੀ ਸੰਪਾਦਨਾ ਪੰਜਵੇਂ ਸਤਿਗੁਰੂ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਕਰ-ਕਮਲਾਂ ਨਾਲ ਹੋਈ, ਜਿਹਨਾਂ ਨੇ ਗੁਰੂ ਸਾਹਿਬਾਨ ਅਤੇ ਸਤਿਕਾਰਯੋਗ ਭਗਤ ਤੇ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਆਦਿ ਗ੍ਰੰਥ ਦੀ ਰਚਨਾ ਕੀਤੀ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਮਹਾਨ ਗੁਰਸਿੱਖ ਤੇ ਲਿਪੀਕਾਰ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾ ਕੇ, ਦਸ਼ਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਧਰਤੀ ਨੂੰ ਸੁਭਾਗ ਬਖ਼ਸ਼ਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ-ਇੱਕ ਧਾਰਮਿਕ ਗ੍ਰੰਥ ਹਨ, ਜੋ ਸਾਰੀ ਮਨੁੱਖਤਾ ਦੇ ਸਾਂਝੇ ਹਨ ਅਤੇ, ਜਿਹਨਾਂ ਨੂੰ 'ਗੁਰੂ' ਦਾ ਦਰਜਾ ਪ੍ਰਾਪਤ ਹੈ।
ਇਸੇ ਸ੍ਰੀ ਆਦਿ ਗ੍ਰੰਥ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ। ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਗੁਰੂ ਥਾਪ ਕੇ ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਦੇ ਲੜ ਲਗਾਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਇਹ ਕਿਹਾ ਸੀ, ‘ਗੁਰੂ ਗ੍ਰੰਥ ਸਾਹਿਬ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ’। ਉਨ੍ਹਾਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਹੁਣ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ, ਸਗੋਂ ਸ਼ਬਦ ਨੂੰ ਗੁਰੂ ਦੇ ਰੂਪ ਵਜੋਂ ਤੇ ‘ਆਦਿ ਗ੍ਰੰਥ’ ਨੂੰ ਹੀ ਗੁਰੂ ਮੰਨਣਾ ਹੈ।
ਸ਼ਬਦ ਗੁਰੂ ਜੀ ਦਾ ਅਦਬ ਸਹਿਤ ਰੋਜ਼ਾਨਾ ਸਵੇਰੇ ਪ੍ਰਕਾਸ਼ ਕੀਤਾ ਜਾਣਾ ਅਤੇ ਸ਼ਾਮ ਨੂੰ ਸੁਖਆਸਨ ਕੀਤਾ ਜਾਣਾ ਪ੍ਰਗਟਾਵਾ ਕਰਦੇ ਹਨ ਕਿ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਉੱਚ ਹਨ। ਹਰ ਸ਼ੁਭ ਕੰਮ ਲਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰ ਕੇ ਆਗਿਆ ਮੰਗਦੇ ਹਨ ਅਤੇ ਹਰ ਮੁਸ਼ਕਿਲ ਘੜੀ ਦਾ ਸਾਹਮਣਾ ਕਰਨ ਲਈ ਗੁਰੂ ਚਰਨਾਂ 'ਚ ਹੌਸਲਾ ਬਖ਼ਸ਼ਣ ਦੀ ਅਰਦਾਸ ਕਰਦੇ ਹਨ। ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਤਾਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ।