ਅੱਜ ਆਪਣੀ ਹੋਂਦ ਦੇ ਡੂੰਘੇ ਨਿਸ਼ਾਨ ਛੱਡਣ ਵਾਲੇ ਇਲਾਹੀ ਨੂਰ, ਸਾਹਿਬ-ਏ-ਕਮਾਲ, ਸਰਬੰਸਦਾਨੀ,ਦਸਮ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤਿ ਦਿਹਾੜਾ 6 ਨਵੰਬਰ ਨੂੰ ਹੈ। ਆਉ, ਅੱਜ ਦਸਮੇਸ਼ ਪਿਤਾ ਜੀ ਦੇ ਲਾਸਾਨੀ ਜੀਵਨ ਬਾਰੇ ਜਾਣੀਏ।
ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ॥
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਕੁੱਖੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਪਟਨਾ ਸਾਹਿਬ, ਬਿਹਾਰ ਵਿੱਚ 22 ਦਸੰਬਰ 1666 ਨੂੰ ਹੋਇਆ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਭਾਰਤ, ਖਾਸ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ। 1657 ਵਿੱਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚੱਲ ਕੇ ਹਕੂਮਤ ਦੀ ਵਾਗ ਡੋਰ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਪੀਰਾਂ, ਫਕੀਰਾਂ ‘ਤੇ ਕਈ ਜ਼ੁਲਮ ਢਾਹੇ। ਭਾਰਤ ਦਾ ਮਾਨ-ਸਤਿਕਾਰ ਖਤਮ ਹੋ ਚੁੱਕਾ ਸੀ, ਮਨੋਬਲ ਟੁੱਟ ਚੁਕਾ ਸੀ।
ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਅਤੇ ਅਸਾਮ ਦੇ ਲੰਮੇ ਦੌਰੇ ‘ਤੇ ਗਏ ਹੋਏ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲਣ ‘ਤੇ ਸਿੱਖਾਂ ਨੂੰ ਪਰਿਵਾਰ ਦੀ ਦੇਖ-ਰੇਖ ਲਈ ਹੁਕਮਨਾਮਾ ਭੇਜਿਆ ਅਤੇ ਮਾਤਾ ਗੁਜਰੀ ਜੀ ਨੂੰ ਸਨੇਹਾ ਭੇਜਿਆ ਕਿ ਬੱਚੇ ਦਾ ਨਾਂ ਗੋਬਿੰਦ ਰਾਇ ਰੱਖਣਾ। ਇੱਥੇ ਹੀ ਪੀਰ ਭੀਖਣ ਸ਼ਾਹ, ਜੋ ਇੱਕ ਨਾਮੀ ਮੁਸਲਿਮ ਫਕੀਰ ਸੀ, ਲਖਨੌਰ ਤੋਂ ਚੱਲ ਕੇ ਆਪ ਜੀ ਦੇ ਦਰਸ਼ਨ ਕਰਨ ਆਏ ਅਤੇ ਆਪ ਜੀ ਦੇ ਦਰਸ਼ਨ ਕਰਦਿਆਂ ਸਾਰ ਹੀ ਗੁਰੂ ਜੀ ਨੂੰ ਹਿੰਦੂ-ਮੁਸਲਮਾਨਾਂ ਦਾ ਸਾਂਝਾ ਇਲਾਹੀ ਨੂਰ ਹੋਣ ਦਾ ਸੰਕੇਤ ਦਿੱਤਾ।
ਬਚਪਨ ਤੋਂ ਹੀ ਗੁਰੂ ਜੀ ਦੇ ਸ਼ੌਂਕ ਬਾਕੀ ਬੱਚਿਆਂ ਤੋਂ ਬਿਲਕੁਲ ਅੱਲਗ ਸਨ; ਜਿਵੇਂ ਤਲਵਾਰ-ਬਾਜ਼ੀ, ਤੀਰ-ਅੰਦਾਜ਼ੀ ਆਦਿ ਅਤੇ ਆਪ ਜੀ ਖੇਡ ਵਿੱਚ ਜਿੱਤਣ ਵਾਲਿਆਂ ਨੂੰ ਇਨਾਮ ਦਿੰਦੇ ਸਨ। ਆਪ ਜੀ ਤੀਰ-ਕਮਾਨ ਅਤੇ ਗੁਲੇਲ ਦੇ ਨਿਸ਼ਾਨੇ ਬੰਨਦੇ ਸਨ ਅਤੇ ਅਲੱਗ-ਅਲੱਗ ਮੌਕਿਆਂ ‘ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿੱਚ ਬਹਿਸ ਕਰਦੇ ਸਨ। ਕਿਸੇ ਦੇ ਘੜੇ ਤੋੜ ਦੇਣਾ ਤੇ ਕਿਸੇ ਦੀਆ ਪੂਣੀਆਂ ਬਖੇਰ ਦੇਣੀਆਂ, ਸਿਰਫ਼ ਇਸ ਕਰਕੇ ਕਿ ਜਦੋਂ ਓਹ ਮਾਤਾ ਜੀ ਕੋਲ ਸ਼ਿਕਾਇਤ ਲੈ ਕੇ ਆਓਣ ਤਾਂ ਮਾਤਾ ਜੀ ਉਨ੍ਹਾਂ ਨੂੰ ਦੂਣੇ-ਚੋਣੇ ਪੈਸੇ ਦੇ ਕੇ ਅਮੀਰ ਕਰ ਦੇਣ।
ਸੂਝਵਾਨ ਅਤੇ ਧਰਮੀ ਲੋਕਾਂ ਨੂੰ ਗੋਬਿੰਦ ਰਾਇ ਜੀ ਰੱਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪ ਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਿਕਾਰਦੇ ਸਨ। ਬੰਗਾਲ ਬਿਹਾਰ ਅਤੇ ਅਸਾਮ ਦੇ ਲੰਬੇ ਪ੍ਰਚਾਰਕ ਦੌਰੇ ਮਗਰੋਂ 1675 ਦੇ ਆਸ-ਪਾਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਛੇਤੀ ਹੀ ਵਾਪਿਸ ਆਉਣ ਦਾ ਫੈਸਲਾ ਕਰ ਲਿਆ। 7 ਸਾਲ ਦੇ ਲੰਬੇ ਅਰਸੇ ਪਿੱਛੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਿਸ ਆਨੰਦਪੁਰ ਸਾਹਿਬ, ਚੱਕ ਨਾਨਕੀ ਆਏ।
ਆਨੰਦਪੁਰ ਦੀ ਵਾਪਸੀ ਵਕਤ ਪਟਨਾ ਵਾਸੀਆਂ ਨੇ ਉਨ੍ਹਾਂ ਨੂੰ ਬੜੇ ਪਿਆਰ, ਸਤਿਕਾਰ ਅਤੇ ਨਮ ਅੱਖਾਂ ਨਾਲ ਵਿਦਾ ਕੀਤਾ। ਜਦੋਂ ਗੁਰੂ ਜੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਸਿੱਖ ਸੰਗਤਾ ਅੱਗੋਂ ਲੈਣ ਵਾਸਤੇ ਆਈਆਂ। ਸਾਰੇ ਨਗਰ ਵਿੱਚ, ਘਰ-ਘਰ ਖੁਸ਼ੀ ਮਨਾਈ ਗਈ ਅਤੇ ਦੀਪਮਾਲਾ ਕੀਤੀ ਗਈ।
ਇਹ ਆਨੰਦਪੁਰ ਸਾਹਿਬ ਦਾ ਸਭ ਤੋ ਵੱਧ ਖੁਸ਼ੀਆਂ ਭਰਿਆ, ਚਿੰਤਾ ਰਹਿਤ ਅਤੇ ਮੋਜ-ਮਸਤੀ ਦਾ ਸਮਾਂ ਸੀ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ‘ਤੇ ਮਾਤਾ ਜੀ, ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਹੱਥ ਇਹਨਾਂ ਦੇ ਸਿਰ ‘ਤੇ ਸੀ। ਹਜ਼ਾਰਾਂ ਸਿੱਖ ਗੁਰੂ ਜੀ ਨੂੰ ਵੇਖ-ਵੇਖ ਜਿਉਂਦੇ ਅਤੇ ਹੱਥੀਂ ਛਾਂਵਾਂ ਕਰਦੇ ਸੀ।
ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਤੋਰਨਾ
ਇਸ ਵਕਤ ਮੁਗਲ ਹਕੂਮਤ ਦੇ ਅੱਤਿਆਚਾਰ ਅਤੇ ਜ਼ੁਲਮ ਸਿਖਰ ‘ਤੇ ਪਹੁੰਚ ਚੁੱਕੇ ਸੀ। ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਅਤੇ ਸੋਚਿਆ ਕਿ ਇੱਕ-ਇੱਕ ਨੂੰ ਮੁਸਲਮਾਨ ਬਨਾਉਣਾ ਔਖਾ ਕੰਮ ਹੈ, ਕਿਉਂ ਨਾ, ਇਹ ਕੰਮ ਪੰਡਤਾਂ ਅਤੇ ਵਿਦਵਾਨਾਂ ਤੋਂ ਸ਼ੁਰੂ ਕੀਤਾ ਜਾਵੇ, ਬਾਕੀ ਜਨਤਾ ਆਪਣੇ-ਆਪ ਉਨ੍ਹਾਂ ਦੇ ਪਿੱਛੇ ਲੱਗ ਤੁਰੇਗੀ। ਇਹ ਸੋਚ ਕੇ ਉਸਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਇੱਕ ਸੂਬੇ ਨੂੰ ਸਖਤੀ ਨਾਲ ਹੁਕਮਨਾਮਾ ਭੇਜਿਆ ਕਿ ਪਹਿਲਾਂ ਉਹ ਵੱਡੇ-ਵੱਡੇ ਪੰਡਤਾਂ ਅਤੇ ਵਿਦਵਾਨਾਂ ਨੂੰ ਇਸਲਾਮ ਵਿੱਚ ਲਿਆਂਦਾ ਜਾਵੇ।
ਪੰਡਿਤ ਕਿਰਪਾ ਰਾਮ, ਜੋ ਇੱਕ ਵਕਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁੱਕਾ ਸੀ, ਗੁਰੂ ਘਰ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਸਨੇ ਹੋਰ ਪੰਡਿਤਾਂ ਨਾਲ ਸਲਾਹ ਕਰਕੇ ਸੂਬੇ ਕੋਲੋਂ 6 ਮਹੀਨਿਆਂ ਦਾ ਸਮਾਂ ਮੰਗਿਆ। ਪੰਡਿਤ ਜਗਤਨਾਥ ਅਤੇ ਹੋਰ ਮੰਦਿਰਾਂ ਦੇ ਪੁਜਾਰੀਆਂ, ਪੀਰਾਂ-ਫਕੀਰਾਂ ਕੋਲ ਗਏ, ਟੂਣੇ-ਟੱਪੇ, ਧਾਗੇ, ਤਵੀਤ, ਜੰਤਰ -ਮੰਤਰ ਸਭ ਕੋਸ਼ਿਸ਼ ਕਰ ਲਈ ਪਰ ਕੋਈ ਗੱਲ ਨਾ ਬਣੀ। ਰਾਜੇ-ਮਹਾਰਾਜੇ ਤਾਂ ਪਹਿਲਾਂ ਹੀ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਚੁੱਕੇ ਸਨ। ਅਖੀਰ, ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਸਾਰੇ ਪੰਡਿਤ ਆਨੰਦਪੁਰ ਸਾਹਿਬ ਆ ਪੁੱਜੇ।
ਗੁਰੂ ਸਾਹਿਬ ਜੀ ਨੇ ਉਨਾਂ ‘ਤੇ ਹੋ ਰਹੇ ਜੁਲਮਾਂ ਦੀ ਵਾਰਤਾ ਬੜੇ ਧਿਆਨ ਨਾਲ ਸੁਣੀ ਅਤੇ ਸੋਚਾਂ ਵਿੱਚ ਪੈ ਗਏ। ਉਨ੍ਹਾਂ ਨੇ ਸਭ ਨੂੰ ਹਿੰਮਤ ਦਿੱਤੀ ਕਿ ਆਏ ਕਸ਼ਟਾਂ ਦਾ ਮੁਕਾਬਲਾ ਬੜੇ ਸਾਹਸ ਅਤੇ ਦਲੇਰੀ ਨਾਲ ਕਰਨਾ ਹੈ। ਅਕਾਲ ਪੁਰਖ ਕੋਈ ਨਾ ਕੋਈ ਰਾਹ ਜਰੂਰ ਕੱਢੇਗਾ। ਕਾਫੀ ਸਮਾਂ ਸੋਚ-ਵਿਚਾਰ ਕੇ ਗੁਰੂ ਦੀ ਨੇ ਕਿਹਾ ਕਿ, ” ਇਸਦਾ ਇੱਕੋ ਹੱਲ ਹੋ ਸਕਦਾ ਹੈ ਕਿ ਕਿਸੇ ਮਹਾਂ-ਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ।
ਇਹ ਸੁਣਕੇ ਪੰਡਿਤਾਂ ਨੇ ਨੀਵੀਂ ਪਾ ਲਈ। ਕੋਲ ਖੜੇ ਗੋਬਿੰਦ ਰਾਇ ਜੀ, ਜੋ ਸਭ ਬੜੇ ਧਿਆਨ ਨਾਲ ਸੁਣ ਰਹੇ ਸੀ, ਇੱਕ ਦਮ ਬੜੀ ਦ੍ਰਿੜਤਾ ਅਤੇ ਮਾਸੂਮੀਅਤ ਨਾਲ ਬੋਲੇ ਕਿ” ਪਿਤਾ ਜੀ, ਤੁਹਾਡੇ ਤੋਂ ਵੱਡਾ ਹੋਰ ਕਿਹੜਾ ਮਹਾਂ-ਪੁਰਸ਼ ਹੋ ਸਕਦਾ ਹੈ ? ਗੁਰੂ ਸਾਹਿਬ ਬੜੇ ਧਿਆਨ ਨਾਲ ਆਪਣੇ ਪੁੱਤਰ ਦਾ ਚਿਹਰਾ ਵੇਖਦੇ ਹਨ ਅਤੇ ਪਿਆਰ ਨਾਲ ਘੁੱਟ ਕੇ ਛਾਤੀ ਨਾਲ ਲਗਾ ਲੈਂਦੇ ਹਨ। ਗੁਰੂ ਜੀ ਪੰਡਿਤਾਂ ਨੂੰ ਕਹਿੰਦੇ ਹਨ ਕਿ ‘ਜਾਓ ! ਔਰੰਗਜ਼ੇਬ ਨੂੰ ਕਹਿ ਦਿਉ ਕਿ ਸਾਡਾ ਪੀਰ ਅਤੇ ਰਹਿਬਰ ਗੁਰੂ ਤੇਗ ਬਹਾਦਰ ਹੈ। ਜੇ ਉਹ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਬਿਨਾਂ ਕਿਸੇ ਨਾਂਹ-ਨੁੱਕਰ ਤੋਂ ਇਸਲਾਮ ਕਬੂਲ ਕਰ ਲਵਾਂਗੇ।
ਔਰੰਗਜੇਬ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਸਨੂੰ ਗੁਰੂ ਸਾਹਿਬ ਦੀ ਪੰਡਤਾਂ ਨਾਲ ਹਮਦਰਦੀ ਆਪਣੀ ਧਾਰਮਿਕ ਨੀਤੀ ਵਿੱਚ ਰੁਕਾਵਟ ਅਤੇ ਗੁਰੂ ਸਾਹਿਬ ਦੀ ਬਗਾਵਤ ਨਜ਼ਰ ਆਈ। ਲਾਹੌਰ ਦੇ ਗਵਰਨਰ, ਸਰਹੰਦ ਦੇ ਸੂਬੇਦਾਰ ਅਤੇ ਰੋਪੜ ਦੇ ਕੋਤਵਾਲ ਨੂੰ ਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ।
ਗੁਰੂ ਸਾਹਿਬ ਨੇ ਆਨੰਦਪੁਰ ਤੋਂ ਆਗਰੇ ਪਹੁੰਚ ਕੇ ਆਪਣੇ-ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਕਾਜ਼ੀ ਨੇ ਗੁਰੂ ਜੀ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤੇ ਜਾਂ ਇਸਲਾਮ ਕਬੂਲ ਕਰਨ ਦਾ ਪ੍ਰਸਤਾਵ ਦਿੱਤਾ। ਗੁਰੂ ਸਾਹਿਬ ਦਾ ਜਵਾਬ ਸੀ ਕਿ ਕਰਾਮਾਤ ਦਿਖਾਉਣੀ ਕਹਿਰ ਹੈ ਅਤੇ ਅਕਾਲ ਪੁਰਖ ਦੇ ਕੰਮ ਵਿੱਚ ਵਿਘਨ ਹੈ। ਮੁਸਲਮਾਨ ਅਸੀਂ ਨਹੀਂ ਬਨਣਾ ਕਿਉਂਕਿ ਸਾਡਾ ਧਰਮ ਵੀ ਉਤਨਾ ਹੀ ਚੰਗਾ ਹੈ ਜਿਤਨਾ ਕਿ ਮੁਸਲਮਾਨ ਧਰਮ। ਇਹ ਸਵਾਲ ਜਵਾਬ, ਲਾਲਚ ਡਰ ਤਿੰਨ ਦਿਨ ਤੱਕ ਚੱਲਦਾ ਰਿਹਾ। 11 ਨਵੰਬਰ, 1675 ਨੂੰ ਗੁਰੂ ਜੀ ਦੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਜੀ ਦੇ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ।
ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਜ ਪੈਸੇ, ਨਾਰੀਅਲ ਅਤੇ ਆਪਣਾ ਆਸ਼ੀਰਵਾਦ ਗੁਰਸਿੱਖ ਦੇ ਹੱਥ ਭੇਜ ਕੇ ਗੁਰਗੱਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੋਂਪ ਦਿਤੀ।
ਵਿਆਹ ਅਤੇ ਸੰਤਾਨ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 11 ਸਾਲ ਦੀ ਉਮਰ ਵਿੱਚ ਮਾਤਾ ਜੀਤ ਕੌਰ ਨਾਲ, 18 ਸਾਲ ਦੀ ਉਮਰ ਵਿੱਚ ਮਾਤਾ ਸੁੰਦਰੀ ਜੀ ਅਤੇ 34 ਸਾਲ ਦੀ ਉਮਰ ਵਿੱਚ ਮਾਤਾ ਸਾਹਿਬ ਕੌਰ ਜੀ ਨਾਲ ਵਿਆਹ ਹੋਇਆ। ਮਾਤਾ ਜੀਤੋ ਜੀ ਦੀ ਕੁੱਖੋਂ ਤਿੰਨ ਪੁਤਰ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੇ ਜਨਮ ਲਿਆ। ਮਾਤਾ ਸੁੰਦਰੀ ਜੀ ਦੀ ਕੁੱਖੋਂ ਬਾਬਾ ਅਜੀਤ ਸਿੰਘ ਨੇ ਜਨਮ ਲਿਆ।
ਜੰਗਾਂ ਤੇ ਯੁੱਧ
ਸਮੇਂ ਦੀ ਅੱਤਿਆਚਾਰ ਹਕੂਮਤ ਦੇ ਖਿਲਾਫ ਗੁਰੂ ਸਾਹਿਬ ਜੀ ਨੇ ਕਈ ਜੰਗਾਂ ਲੜੀਆਂ। ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਚਾਰ ਜੰਗਾਂ ਬਹੁਤ ਹੀ ਮਹੱਤਵਪੂਰਨ ਹਨ। ਆਉ, ਗੁਰੂ ਸਾਹਿਬ ਜੀ ਦੀਆਂ ਇਨ੍ਹਾਂ ਜੰਗਾਂ ਬਾਰੇ ਜਾਣਦੇ ਹਾਂ।
ਭੰਗਾਣੀ ਦਾ ਯੁੱਧ
1688 ਵਿੱਚ ਪਾਉਂਟਾ ਸਾਹਿਬ ਤੋਂ ਕੋਈ 6 ਮੀਲ ਦੀ ਦੂਰੀ ‘ਤੇ ਫ਼ਤਿਹ ਸ਼ਾਹ ਅਤੇ ਉਸਦੇ ਸਾਥੀਆਂ ਨੇ ਬਿਨਾਂ ਕਾਰਨ ਗੁਰੂ ਸਾਹਿਬ ਜੀ ‘ਤੇ ਹਮਲਾ ਕਰ ਦਿੱਤਾ। ਹਰੇਕ ਸਿੱਖ ਲੜਨ-ਮਰਨ ਨੂੰ ਤਿਆਰ ਹੋ ਗਿਆ, ਤਲਵਾਰਾਂ ਚਮਕਣ ਤੇ ਖੜਕਣ ਲੱਗੀਆਂ। ਪੀਰ ਬੁੱਧੂ ਸ਼ਾਹ ਆਪਣੇ ਦੋ ਭਰਾਵਾਂ, 4 ਪੁੱਤਰਾ ਅਤੇ 700 ਮੁਰੀਦਾਂ ਨੂੰ ਲੈ ਕੇ ਮੈਦਾਨ ਵਿੱਚ ਆ ਗਏ। ਬੜੀ ਗਹਿਗੱਚ ਲੜਾਈ ਹੋਈ। ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ ਗਏ। ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ ਪਰ ਉਹ ਰੁਕੇ ਨਹੀਂ।
ਭੰਗਾਣੀ ਦਾ ਯੁੱਧ ਇੱਕ ਧਰਮ ਯੁੱਧ ਸੀ ਅਤੇ ਮਹਾਨ ਜਿੱਤ ਵੀ ਸੀ, ਜਿਸਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਦ੍ਰਿੜਤਾ ਬਖਸ਼ੀ ਅਤੇ ਕੌਮ ਉਸਾਰੀ ਦੇ ਮਕਸਦ ਨੂੰ ਤਾਕਤ ਦਿੱਤੀ। ਇਹ ਜਿੱਤ ਸਿਰਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸੀ, ਬਲਿਕ ਅਕਾਲ ਪੁਰਖ ਦੀ ਫਤਿਹ ਸੀ, ਜਿਸ ਨੂੰ ਜਿੱਤਣ ਲਈ ਉਨ੍ਹਾਂ ਦੇ ਸੇਵਕਾਂ, ਸਿੱਖਾਂ, ਹਿੰਦੂ ਅਤੇ ਮੁਸਲਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ।
ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਨੂੰ ਕਈ ਜੰਗਾਂ ਸਿਲਸਿਲੇ ਵਾਰ ਲੜਨੀਆ ਪਈਆਂ। ਕਦੇ ਪਹਾੜੀ ਰਾਜਿਆਂ ਨਾਲ, ਕਦੇ ਪੂਰੀ ਮੁਗਲ ਹਕੂਮਤ ਨਾਲ ਅਤੇ ਕਦੇ ਸਰਹੰਦ ਦੇ ਨਵਾਬ ਨਾਲ। ਗੁਰੂ ਸਾਹਿਬ ਨੇ ਅਹਿਸਾਸ ਕੀਤਾ ਕਿ ਪਾਉਂਟਾ ਸਾਹਿਬ ਉਨ੍ਹਾਂ ਦੇ ਸਿੱਖਾਂ ਲਈ ਸੁਰੱਖਿਅਤ ਨਹੀ ਹੈ। ਉਨ੍ਹਾਂ ਨੇ ਵਾਪਸ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰ ਲਈ। ਪਹਾੜੀ ਰਾਜੇ ਮੁਗਲ ਹਕੂਮਤ ਨੂੰ ਖੁਸ਼ ਕਰਨ ਵਿੱਚ ਲੱਗ ਗਏ। ਗੁਰੂ ਸਾਹਿਬ ਨੇ ਆਪਣਾ ਸਾਰਾ ਧਿਆਨ ਆਨੰਦਪੁਰ ਸਾਹਿਬ ਦੀ ਸੁਰੱਖਿਆ ਅਤੇ ਵਿਕਸਤ ਕਰਨ ਵਿੱਚ ਲਗਾ ਦਿੱਤਾ। ਉਨ੍ਹਾਂ ਨੇ ਸਿੱਖਾਂ ਦੀ ਫੌਜ਼ ਨੂੰ ਬਕਾਇਦਾ ਜਥੇਬੰਦ ਕੀਤਾ ਅਤੇ ਸੁਰੱਖਿਆ ਲਈ ਪੰਜ ਕਿਲ੍ਹੇ ਬਣਵਾਏ।
- ਆਨੰਦ ਗੜ ਕਿਲ੍ਹਾ
- ਲੋਹ ਗੜ ਕਿਲ੍ਹਾ
- ਫਤਿਹ ਗੜ ਕਿਲ੍ਹਾ
- ਹੋਲ ਗੜ ਕਿਲ੍ਹਾ
- ਕੇਸ ਗੜ ਕਿਲ੍ਹਾ
ਨੰਦੇੜ ਦਾ ਯੁੱਧ
ਇੱਥੇ ਗੁਰੂ ਸਾਹਿਬ ਜੀ ਅਤੇ ਰਾਜਿਆਂ ਦੀ ਮਿਲਵੀਂ ਫੌਜ ਨਾਲ ਅਲਫ ਖਾਨ ਦੀ ਫੌਜ ਨਾਲ, ਜੋ ਖਿਰਾਜ਼ ਇਕੱਠਾ ਕਰਨ ਆਇਆ ਸੀ, ਨਾਲ ਜ਼ੋਰਦਾਰ ਟੱਕਰ ਹੋਈ। ਅਲਫ ਖਾਨ ਮੈਦਾਨ ਛੱਡ ਕੇ ਨੱਸ ਗਿਆ। ਜਿੱਤ ਦੀ ਖੁਸ਼ੀ ਵਿੱਚ ਰਾਜਾ ਭੀਮ ਚੰਦ ਬਹੁਤ ਸਾਰੀਆਂ ਅਣਮੁੱਲੀਆਂ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਇਆ।
ਰੁਸਤਮ ਖਾਨ ਨਾਲ ਯੁੱਧ
ਜਦੋਂ ਲਾਹੌਰ ਦੇ ਸੂਬੇ ਨੂੰ ਅਲਫ ਖਾਨ ਦੀ ਹਾਰ ਦੀ ਖਬਰ ਮਿਲੀ ਤਾਂ ਉਸਨੇ ਆਪਣੇ ਪੁੱਤਰ ਨੂੰ ਗੁਰੂ ਸਾਹਿਬ ‘ਤੇ ਚੜਾਈ ਕਰਨ ਲਈ ਭੇਜਿਆ। ਜਦੋਂ ਪਠਾਣਾਂ ਦਾ ਦਲ ਨਦੀ ਪਾਰ ਕਰਕੇ ਪਹੁੰਚਿਆ ਤਾਂ ਗੁਰੂ ਸਾਹਿਬ ਦੀਆਂ ਫੌਜਾਂ ਤਿਆਰ ਹੋ ਗਈਆਂ। ਜੈਕਾਰਾ ਛੱਡਿਆ ਅਤੇ ਬੰਦੂਕਾਂ ਚੱਲੀਆਂ। ਪਠਾਣ ਇਨ੍ਹਾਂ ਜੈਕਾਰਿਆਂ ਦੀ ਅਵਾਜ਼ ਸੁਣ ਕੇ ਇਤਨਾ ਡਰ ਗਏ ਕਿ ਮੈਦਾਨ ਛੱਡ ਕੇ ਦੌੜਣ ਵਿੱਚ ਹੀ ਉਨ੍ਹਾਂ ਨੇ ਆਪਣੀ ਸਲਾਮਤੀ ਸਮਝੀ।
ਹੁਸੈਨੀ ਦੀ ਜੰਗ
ਹੁਸੈਨੀ, ਦਿਲਾਵਰ ਖਾਨ ਦਾ ਪੁੱਤਰ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ‘ਤੇ ਹਮਲਾ ਕਰਨ ਲਈ ਆਇਆ। ਰਸਤੇ ਵਿੱਚ ਉਨ੍ਹਾਂ ਨੇ ਪਹਾੜੀ ਰਾਜਿਆਂ ‘ਤੇ ਚੜਾਈ ਕਰ ਦਿੱਤੀ। ਉਨ੍ਹਾਂ ਨੂੰ ਖੂਬ ਲੁੱਟਿਆ-ਕੁਟਿਆ, ਜਿਸ ਤੋਂ ਡਰ ਕੇ ਪਹਾੜੀ ਰਾਜੇ ਹੁਸੈਨੀ ਨਾਲ ਮਿਲ ਗਏ। ਪਰ ਲਗਾਨ ਪਿੱਛੇ ਉਨ੍ਹਾਂ ਦਾ ਆਪਸ ਵਿੱਚ ਮੱਤ-ਭੇਦ ਹੋ ਗਿਆ, ਜਿਸ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਲੜ ਕੇ ਹੀ ਮਰ ਗਈਆਂ। ਲੜਾਈ ਹੋਣ ਤੋਂ ਪਹਿਲਾਂ ਹੀ ਲੜਾਈ ਖਤਮ ਹੋ ਗਈ।
ਖਾਲਸੇ ਦੀ ਸਥਾਪਨਾ
1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਗੁਰੂ ਜੀ ਦੀ ਇਹ ਮੰਗ ਭਾਈ ਦਇਆ ਸਿੰਘ ਜੀ, ਜੋ ਕਿ ਲਾਹੌਰ ਦੇ ਖੱਤਰੀ ਪਰਿਵਾਰ ਵਿੱਚੋਂ ਸੀ, ਭਾਈ ਧਰਮ ਸਿੰਘ ਜੀ, ਜੋ ਕਿ ਦਿੱਲੀ ਦਾ ਜੱਟ ਸੀ, ਭਾਈ ਹਿੰਮਤ ਸਿੰਘ ਜੀ, ਜੋ ਕਿ ਉੜੀਸਾ ਦੇ ਜਗਨਨਾਥ ਦਾ ਹਿੰਮਤ ਰਾਏ ਸੀ, ਭਾਈ ਮੋਹਕਮ ਸਿੰਘ ਜੀ, ਜੋ ਕਿ ਗੁਜਰਾਤ ਦੇ ਦੁਆਰਕਾ ਰੰਗਾਈ ਛਪਾਈ ਵਾਲਾ ਮੋਹਕਮ ਚੰਦ ਸੀ ਅਤੇ ਭਾਈ ਸਾਹਿਬ ਸਿੰਘ ਜੀ ਜੋ ਕਿ ਕਰਨਾਟਕਾ ਦੇ ਬੀਦਰ ਜਿਲ੍ਹੇ ਦਾ ਨਾਈ ਸਾਹਿਬ ਚੰਦ ਸੀ, ਨੇ ਪੂਰੀ ਕੀਤੀ।
ਗੁਰੂ ਜੀ ਨੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਇਸ ਤੋਂ ਬਾਅਦ ਸਾਰਿਆਂ ਦੇ ਨਾਮ ਪਿੱਛੇ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰੇ ਦਾ ਧਾਰੀ ਹੋਣ ਦੀ ਆਗਿਆ ਹੋਈ। ਸਿੱਖ ਨੂੰ ਅੰਮ੍ਰਿਤ ਵੇਲੇ ਜਾਗਣ, ਪਾਠ ਕਰਨ ਦਾ ਹੁਕਮ ਦਿੱਤਾ।
ਰਚਨਾਵਾਂ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚੋਂ ਪ੍ਰਮੁੱਖ ਰਚਨਾਵਾਂ ਹਨ ; ਜਾਪੁ ਸਾਹਿਬ, ਵਾਰ ਸ੍ਰੀ ਭਗਉਤੀ ਜੀ ਕੀ, ਜਫ਼ਰਨਾਮਾ, ਅਕਾਲ ਉਸਤਤਿ, ਚੰਡੀ ਦੀ ਵਾਰ, ਦਸਮ ਗ੍ਰੰਥ, ਬਚਿਤ੍ਰ ਨਾਟਕ, ਸਸ਼ਤਰਨਾਮਾ, ਗਿਆਨ ਪ੍ਰਬੋਧ, ਖਾਲਸੇ ਦੀ ਮਹਿਮਾ ਆਦਿ ਹਨ।
ਜੋਤੀ-ਜੋਤਿ ਸਮਾਉਣਾ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ` ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਗੁਰਬਾਣੀ ਸਰਵ-ਸ਼ਕਤੀਮਾਨ ਹੈ। ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦੇ ਕੇ 1708 ਈ. ਵਿੱਚ ਗੁਰੂ ਜੀ ਨੰਦੇੜ ਦੇ ਸਥਾਨ ‘ਤੇ ਜੋਤੀ-ਜੋਤ ਸਮਾ ਗਏ।