ਗੁਰਦੁਆਰਾ ਸੰਸਥਾ, ਸਿੱਖੀ ਜੀਵਨ ਦਾ ਅਭਿੰਨ ਅੰਗ ਹੈ। ਜੀਵਨ ਭਰ, ਹਰੇਕ ਕਾਰਜ, ਹਰੇਕ ਖੁਸ਼ੀ-ਗ਼ਮੀ ’ਚ ਗੁਰਦੁਆਰਾ ਸੰਸਥਾ ਸਿੱਖ ਨੂੰ ਸੁਚੱਜੀ ਜੀਵਨ ਸੇਧ ਪ੍ਰਦਾਨ ਕਰਨ ਵਾਲਾ ਵਿਹਾਰਕ ਕੇਂਦਰ ਹੈ। ਗੁਰੂ ਨਾਨਕ ਦੇਵ ਜੀ ਨੇ ਲੋਕਾਈ ਦੀ ਭਲਾਈ ਕਰਨ ਹਿੱਤ, ਸਰਬ ਸਾਂਝੇ ਮਿਸ਼ਨ ਅਤੇ ਸੰਦੇਸ਼ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਹਿੱਤ ‘ਘਰ ਘਰ ਅੰਦਰਿ ਧਰਮਸਾਲ’ ਦੀ ਸਥਾਪਨਾ ਕੀਤੀ ਜਿਸ ਵਿਚ ਨਿਤਨੇਮ, ਸ਼ਬਦ-ਵਿਚਾਰ, ਕੀਰਤਨ, ਅਰਦਾਸ, ਸੰਗਤ ਦੀ ਪ੍ਰਥਾ ਦਾ ਆਰੰਭ ਹੋਇਆ। ਰੱਬੀ ਗੁਣਾਂ ਨੂੰ ਗਾਇਨ ਕਰਨਾ ਅਤੇ ਸਮਾਜ ਭਲਾਈ ਹਿੱਤ ਪ੍ਰਚਾਰਨਾ ਗੁਰੂ ਸਾਹਿਬ ਦਾ ਉਦੇਸ਼ ਸੀ ।
ਗੁਰਦੁਆਰਾ ਸੰਸਥਾ : ਪਰਿਭਾਸ਼ਾ
‘ਗੁਰਦੁਆਰਾ’, ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਗੁਰ ਅਤੇ ਦੁਆਰਾ। ਗੁਰਦੁਆਰਾ ਸਾਹਿਬ ਲਈ “ਗੁਰੂ ਘਰ” ਸ਼ਬਦ ਵੀ ਪ੍ਰਯੋਗ ਕਰ ਲਿਆ ਜਾਂਦਾ ਹੈ। ਇਤਿਹਾਸਿਕ ਨੁਕਤਾ ਨਿਗਾਹ ਤੋਂ ਗੁਰਦੁਆਰਾ ਸੰਸਥਾ, ਪਹਿਲਾਂ “ਧਰਮਸਾਲ” ਦੇ ਰੂਪ ’ਚ ਪ੍ਰਚੱਲਿਤ ਸੀ। ਗੁਰੂ ਨਾਨਕ ਦੇਵ ਜੀ ਨੇ “ਜਪੁ” ਬਾਣੀ ’ਚ ‘ਧਰਮਸਾਲ’ ਪੂਰੀ ਧਰਤੀ ਨੂੰ ਕਿਹਾ ਹੈ ਜੋ ਧਰਮ ਕਮਾਉਣ ਦੀ ਥਾਂ ਹੈ ਕਿਉਂਕਿ ਸਿੱਖ ਧਰਮ ੴ ਦੀ ਭਗਤੀ ਕਰਦਾ ਹੈ ਅਤੇ ‘ਏਕਸ ਕੇ ਹਮ ਬਾਰਿਕ’ ਦਾ ਸੰਦੇਸ਼ ਦਿੰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਸਿੱਖਾਂ ਦਾ ਉਹ ਅਸਥਾਨ ਜਿਸ ਨੂੰ ਦਸ ਸਤਿਗੁਰਾਂ ’ਚੋਂ ਕਿਸੇ ਨੇ ਧਰਮ-ਪ੍ਰਚਾਰ ਲਈ ਬਣਾਇਆ ਅਥਵਾ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਸ ਦਾ ਨਾਂ ‘ਧਰਮਸਾਲ’ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ‘ਗੁਰਦੁਆਰਾ’ ਨਾਮ ਪ੍ਰਚੱਲਿਤ ਹੋ ਗਿਆ।”
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ‘ਧਰਮਸਾਲ’ ਤੇ ‘ਗੁਰਦੁਆਰਾ’ ਸ਼ਬਦ ਵੀ ਪ੍ਰਚੱਲਿਤ ਰਹੇ ਹਨ। ਇਸ ਦੇ ਪ੍ਰਮਾਣ ਗੁਰੂ ਸਾਹਿਬਾਨ ਦੇ ਆਪਣੇ ਵਚਨ ਹਨ :ਗੁਰਦੁਆਰੈ ਹਰਿ ਕੀਰਤਨ ਸੁਣੀਐ॥ ਗੁਰਦੁਆਰੈ ਹੋਇ ਸੋਝੀ ਪਾਇਸੀ॥ ਜਿਥੇ ਵੀ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ, ਅੱਜ ਉਥੇ ਸ਼ਰਧਾਲੂਆਂ, ਸਿੱਖਾਂ ਵਲੋਂ ਗੁਰਦੁਆਰਾ ਸਾਹਿਬਾਨ ਉਸਾਰ ਕੇ ਗੁਰ-ਮਰਯਾਦਾ ਪ੍ਰਚੱਲਿਤ ਕੀਤੀ। ਇਹ ਕਾਰਜ ਗੁਰੂ ਸਾਹਿਬਾਨ ਦੇ ਕਾਲ ਵਿਚ ਹੀ ਸ਼ੁਰੂ ਹੋ ਚੁੱਕਾ ਸੀ, ਜਿਸ ਦੀ ਦ੍ਰਿਸ਼ਟੀ ਗੁਰੂ ਰਾਮਦਾਸ ਜੀ ਦੀ ਬਾਣੀ ’ਚੋਂ ਮਿਲਦੀ ਹੈ : ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜ ਰਾਜੇ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥
ਪਿਛੋਕੜ, ਆਰੰਭ ਤੇ ਮਨੋਰਥ
ਗੁਰੂ ਨਾਨਕ ਦੇਵ ਜੀ ਦੇ ਸਮਕਾਲ ’ਚ ਅਸਮਾਨਤਾ, ਨਾ ਬਰਾਬਰੀ, ਊਚ-ਨੀਚ, ਜਾਤ-ਪਾਤ, ਅਨਿਆਂ, ਅੱਤਿਆਚਾਰ, ਅਨੈਤਿਕਤਾ ਦਾ ਬੋਲਬਾਲਾ ਸੀ। ਉਸ ਅਸ਼ਾਂਤ ਵਾਤਾਵਰਨ ’ਚ ਗੁਰੂ ਨਾਨਕ ਦੇਵ ਜੀ ਨੇ ੴ ਦਾ ਸਿਧਾਂਤ ਦਿੱਤਾ। ‘ਰੱਬੀ ਤੇ ਮਨੁੱਖੀ ਏਕਤਾ’ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਘਰ-ਘਰ ਅੰਦਰ ਧਰਮਸਾਲਾ ਬਣਾਈ। ਸਦੀਆਂ ਤੋਂ ਅਧਿਕਾਰਾਂ ਤੋਂ ਵੰਚਿਤ ਲੋਕਾਂ ਨੂੰ ਬਣਦੇ ਅਧਿਕਾਰਾਂ ਦੀ ਬਹਾਲੀ ਕਰਵਾਉਣਾ, ਵੱਡਾ ਦੈਵੀ-ਇਨਕਲਾਬੀ ਕਾਰਜ ਕਿਹਾ ਜਾ ਸਕਦਾ ਹੈ। ਇਸ ਕਾਰਜ ਵਿਚ ਗੁਰਦੁਆਰਾ ਸੰਸਥਾ ਦਾ ਵਡਮੱੁਲਾ ਯੋਗਦਾਨ ਹੈ। ਉਸ ਸਮੇਂ ਕੁਝ ਵਿਸ਼ੇਸ਼ ਵਰਗ ਦੇ ਲੋਕ ਛੂਤ-ਛਾਤ ਦੀ ਸਮਾਜਿਕ ਬਿਮਾਰੀ ਤੋਂ ਪੀੜਤ ਸਨ। ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਆਦਿ ਮਹਾਨ ਅਨੁਭਵੀ ਪੁਰਖਾਂ ਨੂੰ ਵੀ ਸਮਕਾਲੀ ਬ੍ਰਾਹਮਣਵਾਦੀ ਸਮਾਜ ਵਲੋਂ ਘ੍ਰਿਣਾ ਦੀ ਨਜ਼ਰ ਨਾਲ ਦੇਖਿਆ ਗਿਆ। ਇਧਰ ਗੁਰੂ ਸਾਹਿਬ ਦਾ ਦਰ/ਗੁਰਦੁਆਰਾ ਸਾਹਿਬ ਦੇਖੋ ਜਿਥੇ, ਜਿਨ੍ਹਾਂ ਭਗਤਾਂ ਨੂੰ ਧਰਮ-ਸਥਾਨਾਂ ’ਤੇ ਵੜ੍ਹਨ ਦੀ ਮਨਾਹੀ ਸੀ, ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਕਰਕੇ, ਸਿੱਖ ਧਰਮ-ਸਥਾਨ ਵਿਚ ਉਨ੍ਹਾਂ ਨੂੰ ਸਦੀਵੀ ਸ਼ੁਸ਼ੋਭਿਤ ਕਰ ਦਿੱਤਾ। ਜੋ ਕਿਸੇ ਇਨਕਲਾਬ ਤੋਂ ਘੱਟ ਨਹੀਂ ਸੀ। ‘ਸੰਗਤ’ ’ਚ ਜਿਥੇ ਰੱਬ ਦੇ ਗੁਣਾਂ ਦਾ ਗਾਣ ਕੀਤਾ ਜਾਂਦਾ ਹੈ ਉਥੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਅਹਿਸਾਸ ਵੀ ਹੁੰਦਾ ਹੈ ਕਿਉਂਕਿ ਉਥੇ ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕਉ ਸਾਝਾ’ ਦਿੱਤਾ ਜਾਂਦਾ ਹੈ। ਗੁਰਦੁਆਰਾ, ਭੇਦ ਭਾਵ-ਮੁਕਤ, ਸਰਬ ਸਾਂਝਾ, ਸਰਬੱਤ ਦੇ ਭਲੇ ਲਈ ਅਰਦਾਸ ਕਰਨ ਵਾਲਾ ਸਿੱਖ ਧਾਰਮਿਕ-ਸਥਾਨ ਹੈ। ਪੋਥੀ ਹਰਿ ਜੀ ਅਨੁਸਾਰ, ਗੁਰੂ ਨਾਨਕ ਸਾਹਿਬ ਦੁਆਰਾ ਕਰਤਾਰਪੁਰ ਸਾਹਿਬ ਧਰਮਸ਼ਾਲਾ ਬਣਾਈ ਜਿਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਨ, ਨਿਤਨੇਮ ਦੀ ਮਰਯਾਦਾ, ਕੀਰਤਨ ਤੇ ਲੰਗਰ ਪ੍ਰਥਾ ਨੂੰ ਵਿਧੀਵਤ ਤਰੀਕੇ ਨਾਲ ਰਹਿਤ ਪ੍ਰਚੱਲਿਤ ਕਰਨ ਦੀ ਜਾਣਕਾਰੀ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਰੋਜ਼ਾਨਾ ਧਰਮਸਾਲਾ ਜਾ ਕੇ ਬੈਠਦੇ ਸਨ। ਉਨ੍ਹਾਂ ਕੋਲ ਦੂਰ-ਦੁਰਾਡੇ ਤੋਂ ਲੋਕ ਰੋਜ਼ਾਨਾ ਦਰਸ਼ਨ ਕਰਨ ਆਉਂਦੇ, ਸੰਵਾਦ ਰਚਾਉਂਦੇ। ‘ਪੰਗਤ’/ਲੰਗਰ ਗੁਰੂ ਸਾਹਿਬ ਦੁਆਰਾ ਸਥਾਪਿਤ ਅਜਿਹੀ ਪ੍ਰਥਾ ਹੈ ਜੋ ਭੁੱਖਿਆਂ ਲਈ ਖਾਣ ਦਾ ਪ੍ਰਬੰਧ ਕਰਦੀ ਹੈ। ਬਿਨਾਂ ਕਿਸੇ ਭੇਦ-ਭਾਵ ਦੇ ਕੋਈ ਵੀ ਵਿਅਕਤੀ ਗੁਰੂ ਕੇ ਲੰਗਰ ਛਕ ਸਕਦਾ ਹੈ। ਗੁਰਦੁਆਰਾ ਸੰਸਥਾ, ਯਾਤਰੀਆਂ ਲਈ ਰੈਣ-ਬਸੇਰਾ ਵੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਲਈ ਹੇਠ ਲਿਖੇ ਨਿਯਮ ਅੰਕਿਤ ਹਨ :
ਗੁਰਬਾਣੀ ਦਾ ਅਸਰ ਸਾਧ ਸੰਗਤ ’ਚ ਬੈਠਿਆਂ ਵਧੇਰੇ ਹੁੰਦਾ ਹੈ। ਸਿੱਖ ਸੰਗਤਾਂ ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਗੁਰਬਾਣੀ ਤੋਂ ਲਾਭ ਉਠਾਵੇ, ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ-ਪ੍ਰਤੀ ਹੋਵੇ। ਬਿਨਾਂ ਕਾਰਨ ਦੇ ਰਾਤ ਨੂੰ ਪ੍ਰਕਾਸ਼ ਨਾ ਰਹੇ। ਰਹਿਰਾਸ ਦੇ ਪਾਠ ਮਗਰੋਂ ਸੁੱਖ-ਆਸਨ ਕੀਤਾ ਜਾਵੇ। ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖ਼ਤਰਾ ਨਾ ਹੋਵੇ, ਤਦ ਤਕ ਪ੍ਰਕਾਸ਼ ਰਹੇ। ਉਪ੍ਰੰਤ ਸੁੱਖ-ਆਸਨ ਕਰ ਦੇਣਾ ਉਚਿਤ ਹੈ ਤਾਂ ਜੋ ਬੇਅਦਬੀ ਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼, ਪੜ੍ਹਿਆ ਤੇ ਸੰਤੋਖਿਆ ਜਾਵੇ। ਸਥਾਨ ਸਾਫ਼-ਸੁਥਰਾ ਹੋਵੇ, ਉਪਰ ਚਾਂਦਨੀ ਹੋਵੇ। ਪ੍ਰਕਾਸ਼ ਮੰਜੀ ਸਾਹਿਬ ’ਤੇ ਸਾਫ਼-ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੈਲੇ ਆਦਿ ਸਮਾਨ ਵਰਤਿਆ ਜਾਵੇ ਤੇ ਉਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ ਤਾਂ ਉਤੇ ਰੁਮਾਲ ਪਿਆ ਰਹੇ।
ਪ੍ਰਕਾਸ਼ ਵੇਲੇ ਚੌਰ ਵੀ ਚਾਹੀਦਾ ਹੈ, ਧੁੱਪ ਜਾਂ ਦੀਵੇ ਜਲਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੁੱਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ, ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਹਾਂ, ਕਿਸੇ ਮੌਕੇ ਜਾਂ ਇਕੱਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।
ਸਮੁੱਚੀ ਮਾਨਵਤਾ ਦਾ ਸਾਂਝਾ ਕੇਂਦਰ
ਗੁਰਦੁਆਰਾ ਸੰਸਥਾ, ਵਿਸ਼ਵ ਦੀ ਭਾਵ ਸਮੁੱਚੀ ਮਨੁੱਖਤਾ ਦਾ ਸਰਬ ਸਾਂਝਾ ਕੇਂਦਰ ਹੈ । ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਦੇ ਹੁਕਮ ਅਧੀਨ ਕਰਤਾਰਪੁਰ ਸਾਹਿਬ ‘ਧਰਮਸਾਲ’ ਸਥਾਪਿਤ ਕੀਤੀ । ਗੁਰੂ ਸਾਹਿਬਾਨ ਨੇ ਸਮਕਾਲੀ ਸਮਾਜ ਵਿਚ ਪ੍ਰਚੱਲਿਤ ਕੁਪ੍ਰਥਾਵਾਂ ਜਿਵੇਂ ਸਤੀ ਪ੍ਰਥਾ ਤੇ ਬਾਲ ਵਿਆਹ ਦਾ ਵਿਰੋਧ ਕੀਤਾ ਅਤੇ ਸਦੀਆਂ ਤੋਂ ਦੱਬੀ ਕੁਚਲੀ ਇਸਤਰੀ ਨੂੰ ਉਸ ਦਾ ਬਣਦਾ ਸਥਾਨ ਦਿਵਾਉਣ ਲਈ ਅਾਵਾਜ਼ ਉਠਾਈ। ਗੁਰੂ ਨਾਨਕ ਸਾਹਿਬ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ॥’ ਵਾਲੇ ਸ਼ਬਦ ਰਾਹੀਂ ਇਸਤਰੀ ਦੇ ਗੁਣ ਅਤੇ ਉਪਕਾਰ ਦੱਸਦਿਆਂ ਉਸਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੱਤੀ ਹੈ । ਇਸ ਤਰ੍ਹਾਂ ਗੁਰੂ-ਘਰ ਵਿਚ ਕਿਸੇ ਵੀ ਪ੍ਰਕਾਰ ਦੀ ਵਿਤਕਰੇਬਾਜ਼ੀ, ਵਹਿਮ-ਭਰਮ, ਪਾਖੰਡ, ਕਰਮ ਕਾਂਡ ਆਦਿ ਲਈ ਕੋਈ ਵੀ ਥਾਂ ਨਹੀਂ ਹੈ।
ਕਿਰਤ ਸੱਭਿਆਚਾਰ ਦੀ ਸੋਝੀ
ਭਾਵੇਂ ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੁਆਰਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਤੋਂ ਹੀ ਹੋ ਗਿਆ ਸੀ ਪਰ ਕਰਤਾਰਪੁਰ ਸਾਹਿਬ ਵਿਖੇ ਸਵੇਰ-ਸ਼ਾਮ ਨੂੰ ਗੁਰਦੁਆਰਾ ਸਾਹਿਬ ’ਚ ਲੰਗਰ ਵਰਤਦਾ । ਕਿਰਤ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ਗੁਰੂ ਸਾਹਿਬਾਨ ਤੇ ਗੁਰਦੁਆਰਾ ਸੰਸਥਾ ਦੀ ਮਹੱਤਵਪੂਰਨ ਭੂਿਮਕਾ ਹੈ। ਸਿੱਖੀ ਵਿਚ ‘ਕਿਰਤ’ ਤੇ ‘ਕੀਰਤ’ ਦੋਵੇਂ ਨਾਲ-ਨਾਲ ਚੱਲਦੇ ਹਨ।