ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 966 ’ਤੇ ਰਾਇ ਬਲਵੰਡਿ ਨੇ ਗੁਰੂ ਨਾਨਕ ਦੇਵ ਜੀ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ ਕਿ "ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥"
ਗੁਰੂ ਨਾਨਕ ਦੇਵ ਜੀ ਨੇ ਸੱਚ ਦੀ ਨੀਂਹ ਰੱਖੀ। ਝੂਠ ਦੇ ਬੋਲ ਬਾਲੇ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਹੀ ਲੋਕਾਈ ਨੂੰ ਸਮਰਪਿਤ ਕਰ ਦਿੱਤਾ। ਮੋਦੀਖਾਨੇ ’ਚ ਗੁਰੂ ਸਾਹਿਬ ਜੀ ਨੇ ਨੌਕਰੀ ਕਰਦਿਆਂ ਵੇਖਿਆ ਕਿ ਜਗਤ ਵਿਚਾਰਾਂ ਅਤੇ ਵਿਕਾਰਾਂ ਦੀ ਅੱਗ ਵਿਚ ਸੜ ਰਿਹਾ ਹੈ। ਆਪਣੇ ਸਾਥੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਦੀਨ ਦੁਖੀਆਂ ਦੀ ਸੇਵਾ ਦੇ ਨਾਲ-ਨਾਲ ਪਾਪੀਆਂ ਦੁਸ਼ਟਾਂ ਦੇ ਉਧਾਰ ਲਈ ਉਦਾਸੀਆਂ ’ਤੇ ਨਿਕਲ ਪਏ। ਇਸ ਬਾਰੇ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ-
'ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥
ਚੜ੍ਹਿਆ ਸੋਧਨ ਧਰਤ ਲੁਕਾਈ ॥24॥..
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥'
ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਪੂਰੀ ਦੁਨੀਆ ਵਿੱਚ ਲੁਕਾਈ ਨੂੰ ਵੱਖਰੀ ਪਹਿਚਾਣ ਅਤੇ ਦ੍ਰਿਸ਼ਟੀ ਪ੍ਰਦਾਨ ਕਰਨ ਲਈ ਹੀ ਦੂਰ ਦੁਰੇਡੇ ਦੀਆਂ ਯਾਤਰਾਵਾਂ ’ਤੇ ਨਿਕਲੇ।
ਜੇਕਰ ਵਿਸ਼ਵ ਦੇ ਪ੍ਰਸਿੱਧ ਖ਼ੋਜੀ ਅਤੇ ਯਾਤਰਵਾਂ ਕਰਨ ਵਾਲੇ ਮਹਾਨ ਲੋਕਾਂ ਦੀ ਗੱਲ ਕਰੀਏ ਤਾਂ ਮਾਰਕੋ ਪੋਲੋ, ਇਬਨਬਤੁਤਾ, ਵਾਸਕੋ ਦਾ ਗਾਮਾ, ਕੋਲੰਬਸ, ਜੇਮਸ ਕੁਕ ਦੇ ਨਾਮ ਆਉਂਦੇ ਹਨ; ਜਿਨ੍ਹਾਂ ਕੁਝ ਸੀਮਤ ਖੇਤਰਫਲ ਦੇ ਦੇਸ਼ਾਂ ਦੀ ਯਾਤਰਾ ਕਰਕੇ ਆਪਣੀ ਖ਼ੋਜੀ ਦ੍ਰਿਸ਼ਟੀ ਨਾਲ ਆਪਣੇ ਵਿਚਾਰਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ । ਗੁਰੂ ਨਾਨਕ ਸਾਹਿਬ ਇਨ੍ਹਾਂ ਖ਼ੋਜੀਆਂ ਤੋਂ ਬਿਲਕੁਲ ਵੱਖਰੇ ਅਤੇ ਨਿਵੇਕਲੇ ਢੰਗ ਤਰੀਕੇ ਨਾਲ, ਇਰਾਦੇ, ਸੰਕਲਪ ਅਧੀਨ 'ਚੜਿਆ ਸੋਧਨ ਧਰਤ ਲੋਕਾਈ' ਦੇ ਆਦਰਸ਼ ਨੂੰ ਮਿੱਥ ਕੇ ਸੰਸਾਰ ਯਾਤਰਾ ’ਤੇ ਤੁਰ ਪਏ। ਗੁਰੂ ਨਾਨਕ ਦੁਨੀਆ ਦੇ ਅਜਿਹੇ ਮਹਾਨ ਖੋਜ ਕਰਤਾ ਅਤੇ ਘੁੰਮ ਫਿਰ ਕੇ ਭੁੱਲੇ ਭਟਕੇ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਲਈ ਕ੍ਰਾਂਤੀਕਾਰੀ ਤੱਤ ਸਾਰ ਲੱਭਣ ਵਾਲੇ ਮਹਾਨ ਪੁਰਸ਼ ਹੋਏ ਹਨ, ਜਿਨ੍ਹਾਂ ਦਾ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਹੋ ਸਕਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਦੀ ਹਰ ਪੱਖ ਤੋਂ ਹਾਲਤ ਤਰਸਯੋਗ ਸੀ। ਉਸ ਸਮੇਂ ਧਰਮ ਐਨਾ ਨਿਘਰ ਚੁੱਕਾ ਸੀ ਕਿ ਧਰਮ ਨਿਰੋਲ ਕਰਮਕਾਂਡਾਂ, ਭੇਖਾਂ, ਅੰਧ ਵਿਸ਼ਵਾਸਾਂ ਦਾ ਕੇਂਦਰ ਬਣ ਕੇ ਰਹਿ ਗਿਆ ਸੀ। ਅਜਿਹੀ ਹਾਲਤ ਵਿਚ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਅਸਲ ਧਰਮ ਬਾਰੇ ਜਾਣੂੰ ਕਰਵਾਇਆ। ਲੋਕਾਈ ਜਾਤ-ਪਾਤ ਦੇ ਬੰਧਨਾਂ ਕਾਰਨ ਅਸਤ-ਵਿਅਸਤ ਸੀ। ਪਰਜਾ ਨੇ ਆਪਣਾ ਫਰਜ਼ ਤਾਂ ਭੁੱਲਣਾ ਹੀ ਸੀ ਪਰ ਰਾਜੇ ਵੀ ਆਪਣਾ ਫਰਜ਼ ਭੁੱਲ ਚੁੱਕੇ ਸਨ। ਅਜਿਹੀ ਗਿਰਾਵਟ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ਮਾਨ ਹੋ ਕੇ ਲੋਕਾਈ ਨੂੰ ਸਿੱਧੇ ਰਸਤੇ ਪਾ ਕੇ ਉਨ੍ਹਾਂ ਦਾ ਉਧਾਰ ਕੀਤਾ।
ਸ੍ਰੀ ਗੁਰੂ ਨਾਨਕ ਜੀ ਨੇ ਆਪਣੇ ਸਮੇਂ ਦੇ ਧਾਰਮਿਕ ਹਾਲਾਤ ਦਾ ਬਾਖੂਬੀ ਚਿਤ੍ਰਣ ਪੇਸ਼ ਕੀਤਾ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਥ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ।। ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥( ਅੰਗ 145 ਮ:1)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਿੰਨ ਧਰਮੀ ਅਤੇ ਪਾਖੰਡੀ ਲੋਕ ਮੌਜੂਦ ਸਨ ਕਾਜ਼ੀ, ਬ੍ਰਾਹਮਣ ਅਤੇ ਜੋਗੀ। ਇਹ ਤਿੰਨੇ ਲੋਕ ਅਸਲ ਵਿਚ ਧਰਮ ਤੋਂ ਦੂਰ ਹੁੰਦੇ ਹੋਏ ਜਗਤ ਨੂੰ ਲੁੱਟ ਰਹੇ ਸਨ। ਗੁਰੂ ਸਾਹਿਬ ਨੇ ਬੜੇ ਭਾਵ-ਪੂਰਤ ਸ਼ਬਦਾਂ ਵਿਚ ਇਨ੍ਹਾਂ ਤਿੰਨਾਂ ਦਾ ਖੰਡਨ ਕੀਤਾ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਵੈ ਅੰਧੁ॥
ਤੀਨੇ ਉਜਾੜੇ ਕਾ ਬੰਧੁ॥
ਗੁਰੂ ਸਾਹਿਬ ਜੀ ਸਭ ਤੀਰਥ ਅਸਥਾਨਾਂ ਉੱਤੇ ਫਿਰ ਕੇ, ਬੇਦ, ਸਿਮ੍ਰਤੀਆਂ ਦਾ ਅਧਿਐਨ ਕਰਕੇ ਸਗਲੀ ਧਰਤੀ ਫਿਰ ਕੇ ਜਤੀ, ਸਤੀ, ਸਿਧ, ਸਾਧਿਕ, ਦੇਵੀ, ਦੇਵ, ਰਿਖੀਸੁਰ, ਖੇਤ੍ਰਪਾਲਿ, ਗਣ, ਗੰਧਰਬ, ਰਾਕਸ, ਦੈਤ, ਹਿੰਦੂ, ਤੁਰਕ, ਪੀਰ, ਪੈਕੰਬਰਿ, ਗੱਲ ਕੀ ਸਭ ਨੂੰ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਨੂੰ ਅਕਾਲ ਪੁਰਖ ਦਾ ਸੁਨੇਹਾ ਦੇ ਕੇ ਸ਼ਬਦ ਨਾਲ ਜੋੜਿਆ। ਭਾਈ ਗੁਰਦਾਸ ਜੀ ਵਰਣਨ ਕਰਦੇ ਹਨ ਕੇ ਘਰ-ਘਰ ਵਿਚ ਵਾਹਿਗੁਰੂ ਦਾ ਸੱਚਾ ਕੀਰਤਨ ਸ਼ੁਰੂ ਹੋਇਆ ਤੇ ਧਰਮਸ਼ਾਲਾਵਾਂ ਵਿਚ ਅਮੀਰਾਂ-ਗ਼ਰੀਬਾਂ ਨੂੰ ਥਾਂ ਮਿਲੀ। ਸਾਧ ਸੰਗਤਿ ਸੱਚ ਦਾ ਘਰ ਬਣਿਆ, ਜਿਥੇ ਪ੍ਰੇਮਾ ਭਗਤੀ ਦੇ ਨਿਰਮਲ ਫੁਵਾਰੇ ਫੁੱਟਦੇ ਹਨ ਅਤੇ ‘ਉਦਾਸੀ’ ਦਾ ਅਮਲ ਸਾਹਮਣੇ ਆਉਂਦਾ ਹੈ।
ਆਦਿ ਪੁਰਖ ਆਦੇਸੁ ਹੈ ਸਤਿਗੁਰੁ ਸਚੁ ਨਾਉ ਸਦਵਾਇਆ।
ਚਾਰਿ ਵਰਨ ਗੁਰ ਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ
ਸਾਧਸੰਗਤਿ ਮਿਲਿ ਗਾਂਵਦੇ ਸਤਿਗੁਰੁ ਸਬਦੁ ਅਨਾਹਦੁ ਵਾਇਆ।
ਗੁਰ ਸਾਖੀ ਉਪਦੇਸੁ ਕਰਿ ਆਪਿ ਤਰੈ ਸੈਂਸਾਰੁ ਤਰਾਇਆ।
ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਚੜ੍ਹਾਇਆ।
ਗਿਆਨੁਧਿਆਨੁ ਸਿਮਰਣਿ ਜੁਗਤਿ ਗੁਰਮਤਿਮਿਲਿ ਗੁਰਪੂਰਾਪਾਇਆ।
ਸਾਧਸੰਗਤਿ ਸਚਖੰਡੁ ਵਸਾਇਆ॥
ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ 1507 ਵਿਚ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ। ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਗੁਰਮਤਿ ਪ੍ਰਕਾਸ਼ ਅਨੁਸਾਰ 1507-1515 ਈ. ਤੱਕ ਦੀ ਯਾਤਰਾ ਦੌਰਾਨ ਗੁਰੂ ਜੀ ਨੇ ਛੇ-ਸੱਤ ਹਜ਼ਾਰ ਮੀਲ ਸਫ਼ਰ ਤੈਅ ਕੀਤਾ। ਇਸ ਉਦਾਸੀ ਦੌਰਾਨ ਗੁਰੂ ਜੀ ਉੱਤਰ ਪ੍ਰਦੇਸ਼ 'ਚ ਪ੍ਰਸਿੱਧ ਹਿੰਦੂ ਤੀਰਥ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਨਾਨਕਮਤੇ ਤੋਂ ਪੀਲੀਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨਪੁਰ, ਬਨਾਰਸ, ਪਟਨਾ, ਮਯਾ, ਸਿਲਹਟ, ਧੁਬੜੀ, ਗੁਹਾਟੀ, ਸ਼ਿਲਾਂਗ ਹੁੰਦੇ ਦੇਏ ਗੁਰੂ ਜੀ ਢਾਕਾ ਅਤੇ ਕਲਕੱਤਾ ਹੋ ਕੇ ਜਗਨਨਾਥਪੁਰੀ, ਮਦੁਰਾਈ, ਰਮੇਸ਼ਵੇਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਵਨ ਅਤੇ ਕੁਰਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਅਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ਬੰਬਈ, ਔਰੰਗਾਬਾਦ, ਉਜੈਨ, ਕੱਛ ਜਗਨਨਾਥ ਤੋਂ ਸਮੰਦਰੀ ਤੱਟ ਦੇ ਨਾਲ-ਨਾਲ ਚਲਦਿਆਂ ਉਨ੍ਹਾਂ ਨੇਗੰਤੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕੀਤੀ, ਜਿਥੋਂ ਉਹ ਲੰਕਾ ਅਤੇ ਜਾਫਨਾ ਦੇ ਰਾਣਾ ਸ਼ਿਵਨਾਥ ਨੂੰ ਉਨ੍ਹਾਂ ਨੇ ਸਿੱਖੀ ਦੀ ਬਖਸ਼ਿਸ਼ ਕੀਤੀ। ਲੰਕਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੋਚੀਨ ਗਏ, ਜਿਥੋਂ ਗੁਰੂ ਜੀ ਨੇ ਆਂਧਰਾ ਪ੍ਰਦੇਸ਼ ਵਿਚ ਪ੍ਰਵੇਸ਼ ਕੀਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਝੀਰਾ, ਮਾਲਟੇਕਰੀ, ਨਾਂਦੇੜ, ਨਾਮਦੇਵ ਦੇ ਨਗਰ ਨਰਸੀ ਬਾਮਣੀ, ਭਗਤ ਤਿਰਲੋਚਨ ਦੇ ਨਗਰ ਵਾਰਸੀ ਹੁੰਦੇ ਦੇਏ ਔਕੇਸ਼ਵਰ ਪਹੁੰਚੇ ਅਤੇ ਉਥੋਂ ਉਹ ਇੰਦੌਰ, ਖੰਡਵਾ ਤੋਂ ਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜਬਲਪੁਰ ਸ਼ਹਿਰ ਦੇ ਗਵਾਰੀ ਘਾਟ ਪਹੰਚੇ।
ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਦੇ ਭਰਮਾਂ ਨੂੰ ਤੋੜਨ ਅਤੇ ਕਰਮ ਕਾਂਡਾਂ 'ਚ ਫਸੇ ਹੋਏ ਜੀਵਾਂ ਨੂੰ ਸਿੱਧਾ ਰਾਹ ਵਿਖਾਉਣ ਲਈ ਇਥੇ ਠਹਿਰੇ ਸਨ। ਨਰਮਦਾ ਨਦੀ ਦੇ ਖੱਬੇ ਕਿਨਾਰੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਕਾਇਮ ਹੈ।
ਇਸ ਉਦਾਸੀ ਦੌਰਾਨ ਕੇਵਲ ਸਤਿਗੁਰੂ ਜੀ ਨੇ ਆਪਣੀਆਂ ਅਧਿਆਤਮਿਕ ਅਨੁਭਵਾਂ ਨੂੰ ਜੀਵਨ ਦਰਸ਼ਨ ਦਾ ਰੂਪ ਦਿੱਤਾ। ਇਸ ਉਦਾਸੀ ਤੋਂ ਵਾਪਸ ਆ ਕੇ ਗੁਰੂ ਜੀ ਨੇ ਆਪਣੇ ਕਈ ਪ੍ਰਮੁੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਸਥਾਪਿਤ ਕਰਕੇ ਆਪਣੇ ਮਾਤਾ-ਪਿਤਾ ਵੀ ਇੱਥੇ ਲਿਆਂਦੇ ਹਨ। ਭਾਈ ਮਰਦਾਨਾ ਜੀ ਦਾ ਪਰਿਵਾਰ ਵੀ ਇੱਥੇ ਹੀ ਰਹਿਣ ਲਈ ਆ ਜਾਂਦਾ ਹੈ। ਕੁਝ ਚਿਰ ਸਤਿਗੁਰ ਜੀ ਇਥੇ ਰਹਿ ਕੇ ਦੂਜੀ ਉਦਾਸੀ ਲਈ ਨਿਕਲ ਪੈਂਦੇ ਹਨ।
ਦੂਜੀ ਉਦਾਸੀ
ਇਹ ਉਦਾਸੀ ਸੰਨ 1517 ਤੋਂ 1518 ਤੱਕ ਦੀ ਸੀ। ਪਹਿਲੀ ਉਦਾਸੀ ਤੋਂ ਲਗਪਗ ਦੋ ਸਾਲ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਤੋਂ ਦੱਖਣ ਦਿਸ਼ਾ ਵੱਲ ਦੂਜੀ ਉਦਾਸੀ ਸ਼ੁਰੂ ਕੀਤੀ। ਇਸ ਉਦਾਸੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਨ੍ਹਾਂ ਦੇ ਪਿਆਰ ਵਾਲੇ ਦੋ ਗੁਰਸਿੱਖ ਭਾਈ ਸੈਦੋ ਘੇਹੋ ਅਤੇ ਭਾਈ ਸੀਹਾ ਛੀਬਾ ਵੀ ਨਾਲ ਸਨ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਜਿੱਥੇ ਜਾਂਦੇ, ਲੋਕਾਂ ਨੂੰ ਉਪਦੇਸ਼ ਦੇਣ ਹਿਤ ਬਾਣੀ ਉਚਾਰਦੇ ਸਨ। ਇਹ ਬਾਣੀ ਉਹ ਆਪ ਨਾਲੋ-ਨਾਲ ਲਿਖ ਲੈਂਦੇ ਸਨ। ਦੂਜੀ ਉਦਾਸੀ ਦੌਰਾਨ ਉਨ੍ਹਾਂ ਨੇ ਭਾਈ ਸੈਦੋਘੇਹੋ ਅਤੇ ਭਾਈ ਸੀਹਾਛੀਬਾ ਦੀ ਸੇਵਾ ਬਾਣੀ ਲਿਖਣ ਦੀ ਲਗਾਈ ਤਾਂ ਜੋ ਉਹ ਬਾਣੀ ਦਾ ਉਤਾਰਾ ਨਾਲੋ-ਨਾਲ ਕਰਦੇ ਰਹਿਣ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਜੈਨੀਆਂ, ਬੋਧੀਆਂ, ਜੋਗੀਆਂ ਅਤੇ ਮੁਸਲਿਮ ਫਕੀਰਾਂ ਦੇ ਅੱਡਿਆਂ ਉਤੇ ਗਏ ਸਨ। ਇਸ ਉਦਾਸੀ ਦੇ ਮੁੱਖ ਪੜਾਅ ਧਰਮਕੋਟ, ਭਟਨੇਰ, ਬਠਿੰਡਾ, ਸਿਰਸਾ, ਬੀਕਾਨੇਰ, ਇੰਦੌਰ, ਸੰਗਲਾਦੀਪ, ਹੈਦਰਾਬਾਦ, ਗੋਲਕੰਡਾ, ਮਦਰਾਸ, ਪਾਂਡੀਚਿਰੀ ਅਤੇ ਕਜਲੀ ਬਨ ਆਦਿ ਸਨ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਗੁਰੂ ਜੀ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਮਟਨ ਵਿੱਚ ਅਮਰਨਾਥ ਅਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉੱਤੇ, ਜਿਥੇ ਕੁਝ ਸਿੱਧਾਂ ਨਾਲ ਗੁਰੂ ਜੀ ਦਾ ਸੰਵਾਦ ਹੋਇਆ।
ਤੀਜੀ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੂਜੀ ਉਦਾਸੀ ਤੋਂ ਕੁਝ ਹੀ ਮਹੀਨੇ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਤੋਂ ਤੀਜੀ ਉਦਾਸੀ ਉੱਤਰ ਦਿਸ਼ਾ ਵਲ ਸ਼ੁਰੂ ਕੀਤੀ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ: ਬਾਬਾ ਫਿਰਿਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1;32)
ਸ੍ਰੀ ਗੁਰੂ ਨਾਨਕ ਜੀ ਨਾਲ ਇਸ ਉਦਾਸੀ ਵਿਚ ਉਨ੍ਹਾਂ ਦੇ ਨਾਲ ਭਾਈ ਸੈਦੋ ਘੇਹੋ ਅਤੇ ਭਾਈ ਸੀਹਾ ਛੀਬਾ ਤੋਂ ਇਲਾਵਾ ਭਾਈ ਹਸੂ ਲੁਹਾਰ ਵੀ ਸਨ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਟਨ, ਬਦਰੀਨਾਥ, ਕੈਲਾਸ਼, ਮਾਨਸਰੋਵਰ, ਨੇਪਾਲ, ਸਿਕਮ, ਭੂਟਾਨ, ਚੀਨ, ਤਿਬਤ, ਲਦਾਖ, ਸ੍ਰੀਨਗਰ, ਜੰਮੂ, ਸਿਆਲਕੋਟ, ਪਠਾਨਕੋਟ ਆਦਿ ਥਾਵਾਂ ਦਾ ਰਟਨ ਕੀਤਾ।
ਚੌਥੀ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਪੱਛਮ ਦਿਸ਼ਾ ਵਲ ਕੀਤੀ। ਇਸ ਉਦਾਸੀ ਦੌਰਾਨ ਗੁਰੂ ਸਾਹਿਬ ਰੁਹਤਾਸ, ਡੇਰਾ ਗਾਜੀ ਖਾਂ, ਡੇਰਾ ਇਸਮਾਈਲ ਖਾਂ, ਮਿਠਨਕੋਟ, ਰੋੜੀ ਸਾਧ ਬੇਲਾ, ਅਮਰਕੋਟ, ਹੈਦਰਾਬਾਦ, ਕਰਾਚੀ, ਸਿੰਧ, ਮੱਕਾ, ਮਦੀਨਾ, ਬਗਦਾਦ, ਬੁਖਾਰਾ, ਕਾਬਲ, ਪੇਸ਼ਾਵਰ, ਹਸਨ ਅਬਦਾਲ, ਮਿਸਰ, ਸੁਡਾਨ ਅਤੇ ਤੁਰਕੀ ਆਦਿ ਥਾਵਾਂ ਉਤੇ ਗਏ।
ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿੱਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ। ਫਿਰ ਮੱਕੇ ਗਏ। ਮੱਕੇਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ:
ਫਿਰਿ ਬਾਬਾ ਗਇਆ ਬਗ਼ਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ 1;35)
ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿੱਚ ਕੀਰਤਨ, ਸੱਤ, ਜ਼ਮੀਨ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ’ ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਕੀਤਾ।
ਸੋ ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੁਆਰਾ ਦਿੱਤੇ ਉਪਦੇਸ਼ ਨੂੰ ਪ੍ਰਚਾਰਨ ਲਈ ਵੱਖ-ਵੱਖ ਦਿਸ਼ਾਵਾਂ ਵਿਚ 4 ਉਦਾਸੀਆਂ ਕੀਤੀਆਂ। ਉਨ੍ਹਾਂ ਨੇ ਪਹਿਲੀ ਉਦਾਸੀ ਹਿੰਦੂ ਤੀਰਥਾਂ ਵਲ, ਦੂਜੀ ਜੋਗੀਆਂ ਦੇ ਡੇਰਿਆਂ ਵਲ, ਤੀਜੀ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਉੱਤੇ ਅਤੇ ਚੌਥੀ ਉਦਾਸੀ ਪੰਜਾਬ ਵਲ ਕੀਤੀ। ਇਨ੍ਹਾਂ ਉਦਾਸੀਆਂ ਦੌਰਾਨ ਉਨ੍ਹਾਂ ਨੇ ਭਟਕਦੀ ਹੋਈ ਲੋਕਾਈ ਨੂੰ ਸਿੱਧੇ ਰਸਤੇ ਪਾਇਆ ਅਤੇ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੱਤਾ। ਲੋਕਾਂ ਨੂੰ ਝੂਠੇ ਅੰਧ-ਵਿਸ਼ਵਾਸਾਂ ਅਤੇ ਝੂਠੀਆਂ ਰਸਮਾਂ-ਰੀਤਾਂ ਦੀ ਦਲਦਲ ਤੋਂ ਬਾਹਰ ਕਢਿਆ।