ਮੋਹਾਲੀ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਉਰਿਟੀ (ਬੀ.ਸੀ.ਏ.ਐਸ.) ਵੱਲੋਂ ਭਾਰਤੀ ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਉਣ ਵਾਲੇ ਤਾਜ਼ਾ ਨਿਰਦੇਸ਼ਾਂ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਕਿਰਪਾਨ ਸਿਰਫ਼ ਇੱਕ ਹਥਿਆਰ ਨਹੀਂ ਹੈ, ਬਲਕਿ ਇਹ ਉਨ੍ਹਾਂ ਦੇ ਧਰਮ ਅਤੇ ਆਸਥਾ ਨਾਲ ਜੁੜੀ ਹੋਈ ਇਕ ਰੀਤ ਹੈ। ਇਸ ਤਰ੍ਹਾਂ ਦੀਆਂ ਪਾਬੰਦੀਆਂ ਸਿੱਖਾਂ ਦੇ ਮੂਲ ਅਧਿਕਾਰਾਂ 'ਤੇ ਸਿੱਧਾ ਹਮਲਾ ਅਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਹਨ।
ਇਹ ਫ਼ੈਸਲਾ ਗੈਰ-ਸਵਿੰਧਾਨਕ ਅਤੇ ਸਿੱਖ ਕੌਮ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਨਿਰਾਦਰ ਹਨ - ਪਰਵਿੰਦਰ ਸਿੰਘ ਸੋਹਾਣਾ
ਪਰਵਿੰਦਰ ਸੋਹਾਣਾ ਨੇ ਇਸ ਕਦਮ ਨੂੰ ਪੱਖਪਾਤੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਨੀਤੀਆਂ ਸਿੱਖ ਭਾਈਚਾਰੇ ਵੱਲੋਂ ਦੇਸ਼ ਕੌਮ ਲਈ ਕੀਤੀਆਂ ਕੁਰਬਾਨੀਆਂ ਦਾ ਨਿਰਾਦਰ ਕਰਦੀਆਂ ਹਨ। ਉਨ੍ਹਾਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਬੀ ਸੀ ਏ ਐਸ ਦੋਵਾਂ ਨੂੰ ਨਿਰਦੇਸ਼ਾਂ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਦੇ ਕੇਂਦਰੀ ਵਿਸ਼ਵਾਸ ਦੇ ਪੰਜ ਧਾਰਾਵਾਂ ('ਪੰਜ ਕ') ਵਿਚੋਂ ਇੱਕ ਹੈ, ਅਤੇ ਇਸ 'ਤੇ ਪਾਬੰਦੀ ਲਗਾਉਣ ਨਾਲ ਸਮੁੱਚੀ ਸਿੱਖ ਸੰਗਤ ਇਸ ਨੂੰ ਧਾਰਮਿਕ ਵਿਤਕਰੇ ਵਜੋਂ ਮੰਨੇਗੀ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਮਾਮਲੇ ਵਿਚ ਜ਼ਰੂਰੀ ਕਾਰਵਾਈ ਕਰੇਗਾ, ਤਾਂ ਜੋ ਸਿੱਖ ਧਰਮ ਦੇ ਪ੍ਰਤੀਕਾਂ ਦੀ ਸੁਰੱਖਿਆ ਕੀਤੀ ਜਾ ਸਕੇ।