ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਪਹਿਲੀ ਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ 7 ਨਵੰਬਰ ਨੂੰ ਫੋਨ 'ਤੇ ਗੱਲਬਾਤ ਹੋਈ ਸੀ, ਜਿਸ ਦੇ ਵੇਰਵੇ ਹੁਣ ਸਾਹਮਣੇ ਆਏ ਹਨ।
ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਯੂਕਰੇਨ 'ਚ ਸ਼ਾਂਤੀ ਬਣਾਏ ਰੱਖਣ 'ਤੇ ਗੱਲਬਾਤ ਕੀਤੀ। ਟਰੰਪ ਨੇ ਪੁਤਿਨ ਨੂੰ ਯੂਕਰੇਨ ਯੁੱਧ ਨੂੰ ਹੋਰ ਨਾ ਵਧਾਉਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਯੂਰਪ ਵਿਚ ਅਮਰੀਕੀ ਫੌਜਾਂ ਦੀ ਮੌਜੂਦਗੀ ਦੀ ਯਾਦ ਦਿਵਾਈ।
ਯੂਕਰੇਨ ਵਿੱਚ ਜੰਗ ਨਾ ਵਧਾਉਣ ਲਈ ਕਿਹਾ, ਰੂਸ ਨੇ ਕਿਹਾ- ਕੋਈ ਗੱਲਬਾਤ ਨਹੀਂ ਹੋਈ
ਰਿਪੋਰਟ ਮੁਤਾਬਕ ਪੁਤਿਨ ਨੇ ਟਰੰਪ ਨੂੰ ਚੋਣ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਰੂਸ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਯੂਰਪ 'ਚ ਸ਼ਾਂਤੀ ਬਣਾਈ ਰੱਖਣ 'ਤੇ ਵੀ ਚਰਚਾ ਕੀਤੀ। ਹਾਲਾਂਕਿ, ਨਾ ਤਾਂ ਅਮਰੀਕਾ ਅਤੇ ਨਾ ਹੀ ਰੂਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਰੂਸ ਨੇ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਤੋਂ ਸਾਫ ਇਨਕਾਰ ਕੀਤਾ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਅਮਰੀਕੀ ਮੀਡੀਆ ਵਿੱਚ ਚੱਲ ਰਹੀਆਂ ਰਿਪੋਰਟਾਂ ਗਲਤ ਹਨ। ਦੋਵਾਂ ਆਗੂਆਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।