ਨਾਭਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾਇਰੈਕਟਰ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ-ਅਟਾਰੀ ਜ਼ੋਨ-1 ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਰਾਲੀ ਪ੍ਰਬੰਧਨ ਪ੍ਰੋਜੈਕਟ 2024-25 ਅਧੀਨ ਬਲਾਕ ਨਾਭਾ ਦੇ ਪਿੰਡ ਨਰਮਾਣਾ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ., ਪਟਿਆਲਾ ਨੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਕੁਸ਼ਲ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਿਫ਼ਾਰਸ਼ ਕੀਤੀਆਂ ਤਕਨਾਲੋਜੀਆਂ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਝੋਨੇ ਦੀ ਪਰਾਲੀ ਦੇ ਕੁਸ਼ਲ ਪ੍ਰਬੰਧਨ ਲਈ ਵੱਖ ਵੱਖ ਮਸ਼ੀਨਾਂ ਜਿਵੇਂ ਹੈਪੀ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਮਲਚਰ, ਬੇਲਰ, ਸੀਡ ਡਰਿਲ ਆਦਿ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਕੇ.ਵੀ.ਕੇ. ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜਾਂ ਦੇ ਕੀਤੇ ਪ੍ਰਬੰਧਾਂ ਬਾਰੇ ਵੀ ਚਾਨਣਾ ਪਾਇਆ।
ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਕੈਂਪ ਦੌਰਾਨ ਖ਼ੁਰਾਕ ਸੁਰੱਖਿਆ ਦੇ ਸਬੰਧ ਵਿਚ ਸਬਜ਼ੀਆਂ ਅਤੇ ਫਲ਼ਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲ਼ਾਂ ਦੀ ਘਰੇਲੂ ਬਗੀਚੀ ਲਾਉਣ ਲਈ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਨੇ ਬਾਗਬਾਨੀ ਫ਼ਸਲਾਂ ਵਿਚ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਖੇਤ ਵਿੱਚ ਪਰਾਲੀ ਦੀ ਸੰਭਾਲ ਕਰਕੇ ਬੀਜੀ ਕਣਕ ਵਿੱਚ ਖਾਦ ਅਤੇ ਨਦੀਨ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਅਤੇ ਕਣਕ ਵਿਚ ਨਦੀਨਨਾਸ਼ਕਾਂ ਦੇ ਛਿੜਕਾਅ ਵੇਲੇ ਪਾਣੀ ਦੀ ਮਾਤਰਾ ਅਤੇ ਨੋਜ਼ਲ ਦੀ ਸਹੀ ਚੋਣ ਦੇ ਮਹੱਤਵ ਬਾਰੇ ਦੱਸਿਆ।
ਉਨ੍ਹਾਂ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਪ੍ਰਮਾਣਿਤ ਕਣਕ ਦੀਆਂ ਉੱਨਤ ਕਿਸਮਾਂ ਅਤੇ ਕਣਕ ਦੇ ਬੀਜ ਨੂੰ ਲਗਾਏ ਜਾਣ ਵਾਲੇ ਜੀਵਾਣੂ ਖਾਦ ਦੇ ਟੀਕੇ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਅਗਾਂਹਵਧੂ ਕਿਸਾਨ ਸ. ਪ੍ਰਭੂ ਸਿੰਘ ਨੇ ਪਰਾਲੀ ਪ੍ਰਬੰਧਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।