ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਿਦਵਾਨ, ਵਿਗਿਆਨੀ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਹੋਏ ਹਨ, ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਦੀਆਂ ਤੋਂ ਵਹਿਮਾਂ-ਭਰਮਾਂ, ਅੰਧ ਵਿਸ਼ਵਾਸਾਂ ਤੇ ਰੂੜੀਵਾਦੀ ਸੋਚ ਨਾਲ ਘਿਰੇ ਹੋਏ ਲੋਕਾਂ ’ਚ ਗਿਆਨ ਦੀ ਜੋਤ ਜਗਾ ਕੇ ਵਿਗਿਆਨਕ ਤੇ ਤਰਕਸ਼ੀਲ ਸੋਚ ਦਾ ਨਿਰਮਾਣ ਕੀਤਾ ਅਤੇ ਸਮੁੱਚੀ ਲੁਕਾਈ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਕੁਦਰਤੀ ਵਰਤਾਰਿਆਂ ਅਤੇ ਸੂਰਜ, ਚੰਨ, ਤਾਰਿਆਂ ਦੇ ਨਾਲ-ਨਾਲ ਸਮੁੱਚੇ ਬ੍ਰਹਿਮੰਡ ਬਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟਾਏ ਵਿਚਾਰ ਅਲਬਰਟ ਆਈਨਸਟਾਈਨ ਵਰਗੇ ਦੁਨੀਆ ਦੇ ਮਹਾਨ ਵਿਗਿਆਨੀਆਂ ਲਈ ਵੀ ਮਾਰਗਦਰਸ਼ਕ ਸਾਬਿਤ ਹੋਏ ਹਨ।
ਜਿਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ, ਉਸ ਸਮੇਂ ਸਮਾਜ ’ਚ ਜਾਤ- ਪਾਤ, ਊਚ-ਨੀਚ, ਭੇਦਭਾਵ ਅਤੇ ਜ਼ੁਲਮ ਦਾ ਬੋਲਬਾਲਾ ਸੀ। ਆਪਣੀ ਬਾਣੀ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ, ਮਲਿਕ ਭਾਗੋ ਤੇ ਬਾਬਰ ਵਰਗੇ ਜ਼ਾਲਮਾਂ ਨੂੰ ਮਾਨਵਤਾ ਦੇ ਰਾਹ ’ਤੇ ਤੋਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ, ਪਰਮਾਤਮਾ ’ਚ ਅਟੁੱਟ ਵਿਸ਼ਵਾਸ ਅਤੇ ਅਕਾਲ ਪੁਰਖ ਦਾ ਭਾਣਾ ਹੱਸ ਕੇ ਮੰਨਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਨਾਨਕ ਸਾਹਿਬ ਬਚਪਨ ਤੋਂ ਹੀ ਮਦਦ ਤੇ ਦਿਆਲਤਾ ਦੇ ਪ੍ਰਤੀਕ ਸਨ। ਇਕ ਵਾਰੀ ਜਦੋਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਵੀਹ ਰੁਪਏ ਦੇ ਕੇ ਸੌਦਾ ਕਰਨ ਲਈ ਭੇਜਿਆ ਤਾਂ ਉਨ੍ਹਾਂ ਨੇ ਰਾਹ ’ਚ ਜਾਂਦਿਆਂ ਭੁੱਖੇ ਸਾਧੂਆਂ ਨੂੰ ਵੀਹ ਰੁਪਏ ਦਾ ਲੰਗਰ ਛਕਾ ਕੇ ਸੱਚੇ ਸੌਦੇ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਆਪ ਵੀ ਹੱਥੀਂ ਕਿਰਤ ਕਰਦੇ ਸਨ। ਆਪਣੇ ਅੰਤਿਮ ਸਮੇਂ ’ਚ ਕਰਤਾਰਪੁਰ ਰਹਿੰਦਿਆਂ ਖੇਤੀਬਾੜੀ ਕੀਤੀ। ਇਸੇ ਲਈ ਹੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਕਿ ਬਾਬਾ ਜੀ ਦੀ ਚਰਨਛੋਹ ਪ੍ਰਾਪਤ ਪੰਜਾਬ ਦੀ ਧਰਤੀ ਪੂਰੀ ਦੁਨੀਆ ਦਾ ਪੇਟ ਪਾਲ ਰਹੀ ਹੈ।
ਗੁਰੂ ਨਾਨਕ ਦੇਵ ਜੀ ਮਹਾਨ ਸਮਾਜ ਸੁਧਾਰਕ ਵੀ ਹੋਏ ਹਨ। ਔਰਤ ਨੂੰ ਸਦੀਆਂ ਤੋਂ ਹੀ ਆਦਮੀ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਬਾਲ ਵਿਆਹ, ਸਤੀ ਪ੍ਰਥਾ, ਦਾਸ ਪ੍ਰਥਾ, ਪਰਦਾ ਪਾਉਣ ਤੇ ਸਰੀਰਕ ਸ਼ੋਸ਼ਣ ਵਰਗੀਆਂ ਕੁਰੀਤੀਆਂ ਨਾਲ ਜੂਝ ਰਹੀ ਸੀ। ਗੁਰੂ ਸਾਹਿਬ ਨੇ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੰਦੇ ਹੋਏ ਕਿਹਾ ਕਿ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਭਾਵ ਜਿਸ ਔਰਤ ਦੀ ਕੁੱਖੋਂ ਰਾਜੇ, ਮਹਾਰਾਜਿਆਂ ਅਤੇ ਪੀਰ ਪੈਗੰਬਰਾਂ ਨੇ ਜਨਮ ਲਿਆ, ਉਸ ਨੂੰ ਮਾੜਾ ਕਿਉਂ ਆਖਿਆ ਜਾਵੇ? ਗੁਰੂ ਨਾਨਕ ਦੇਵ ਜੀ ਦੁਆਰਾ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿੱਚ ਕੀਤੀਆਂ ਚਾਰ ਉਦਾਸੀਆਂ ਸਮਾਜ ’ਚ ਫੈਲੇ ਅੰਧਕਾਰ, ਕਰਮਕਾਂਡਾਂ, ਧਰਮ ਦੇ ਨਾਂ ’ਤੇ ਵਪਾਰ ਕਰ ਰਹੇ ਝੂਠੇ ਪਖੰਡੀਆਂ ਦਾ ਸਹੀ ਮਾਰਗਦਰਸ਼ਨ ਕਰਨ ਤੇ ਸਮਾਜ ’ਚ ਫੈਲੀ ਨਾ-ਬਰਾਬਰੀ ਨੂੰ ਮਿਟਾਉਣ ’ਚ ਬਹੁਤ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਈਆਂ। ਗੁਰੂ ਨਾਨਕ ਸਾਹਿਬ ਵੱਲੋਂ ਫੈਲਾਏ ਗਿਆਨ ਦੀ ਜੋਤ ਨੇ ਸਦੀਆਂ ਤੋਂ ਫੈਲੇ ਅੰਧਕਾਰ ਨੂੰ ਮਿਟਾਇਆ ਪਰ ਅਮਲਾਂ ਤੋਂ ਬਗੈਰ ਗਿਆਨ ਭਾਰ ਹੈ। ਜਿਸ ਤਰ੍ਹਾਂ ਗਧੇ ਉੱਪਰ ਚਾਰੇ ਵੇਦ ਲੱਦ ਦੇਈਏ ਤਾਂ ਉਹ ਵਿਦਵਾਨ ਨਹੀਂ ਬਣ ਜਾਂਦਾ ਉਸੇ ਤਰ੍ਹਾਂ ਹੀ ਗਿਆਨ ਪ੍ਰਾਪਤ ਕਰਨ ਦਾ ਓਨਾ ਸਮਾਂ ਕੋਈ ਫ਼ਾਇਦਾ ਨਹੀਂ, ਜਿੰਨਾ ਚਿਰ ਉਸ ’ਤੇ ਅਮਲ ਨਹੀਂ ਕੀਤਾ ਜਾਂਦਾ।
ਅੱਜ ਸਮੁੱਚੀ ਮਾਨਵਤਾ ਨੂੰ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ’ਤੇ ਅਮਲ ਕਰਦਿਆਂ ਉਨ੍ਹਾਂ ਦੁਆਰਾ ਦੱਸੇ ਮਾਰਗ ’ਤੇ ਚੱਲਣ ਦੀ ਤਾਂ ਜੋ ਸਮਾਜਿਕ ਕੁਰੀਤੀਆਂ, ਆਪਸੀ ਭੇਦਭਾਵ, ਜਾਤ-ਪਾਤ ਅਤੇ ਫਿਰਕਾਪ੍ਰਸਤੀ ਦੀ ਅੱਗ ਮਿਟਾ ਕੇ ਜ਼ਿੰਦਗੀ ਨੂੰ ਖ਼ੁਸ਼ਹਾਲ ਅਤੇ ਰੋਸ਼ਨ ਕੀਤਾ ਜਾ ਸਕੇ।ਕੁਦਰਤੀ ਵਰਤਾਰਿਆਂ ਤੇ ਸੂਰਜ, ਚੰਨ, ਤਾਰਿਆਂ ਦੇ ਨਾਲ-ਨਾਲ ਸਮੁੱਚੇ ਬ੍ਰਹਿਮੰਡ ਬਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟਾਏ ਵਿਚਾਰ ਅਲਬਰਟ ਆਈਨਸਟਾਈਨ ਵਰਗੇ ਦੁਨੀਆ ਦੇ ਮਹਾਨ ਵਿਗਿਆਨੀਆਂ ਲਈ ਵੀ ਮਾਰਗਦਰਸ਼ਕ ਸਾਬਿਤ ਹੋਏ ਹਨ। ਅਮਰੀਕਾ ਦੀ ਪੁਲਾੜ ਖੋਜ ਏਜੰਸੀ ਨਾਸਾ ਅੱਜ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਆਧਾਰ ਮੰਨ ਕੇ ਬ੍ਰਹਿਮੰਡ ਦੀ ਉਤਪਤੀ ਦੇ ਰਾਜ਼ ਲੱਭਣ ਦੇ ਕਾਰਜ ’ਚ ਯਤਨਸ਼ੀਲ ਹੈ।