ਮੁਕਤੀ ਜੀਵ ਆਤਮਾ ਦੁਆਰਾ ਪਰਮਾਤਮਾ ਨਾਲ ਰੂਬਰੂ ਹੋਣਾ ਹੈ। ਉਹ ਕਿਸੇ ਦੂਜੇ ਲੋਕ ਜਾਂ ਸਥਾਨ ’ਤੇ ਪੁੱਜਣਾ ਨਹੀਂ ਹੈ। ਇਸ ਗਿਆਨ ਨਾਲ ਮਨ ਚਾਨਣ ਹੋ ਜਾਣਾ ਕਿ ਜੀਵ ਆਤਮਾ ਅਤੇ ਸਾਡੇ ਅੰਦਰ ਵਸਦਾ ਪਰਮਾਤਮਾ ਇਕ ਹੀ ਹਨ, ਇਹੀ ਮੁਕਤੀ ਹੈ। ਸਾਰੇ ਭੇਦਭਾਵਾਂ ਨੂੰ ਮਿਟਾਉਣਾ ਅਤੇ ਇਹ ਪਛਾਣਨਾ ਹੀ ਮੁਕਤੀ ਹੈ ਕਿ ਸਾਡੇ ਆਲੇ-ਦੁਆਲੇ ਦਾ ਸਭ ਕੁਝ ਪਰਮਾਤਮਾ ਦੇ ਅਧੀਨ ਹੈ। ਮੁਕਤੀ ਛੁਟਕਾਰਾ ਹਾਸਲ ਕਰਨਾ ਨਹੀਂ, ਇਕ ਅਵਸਥਾ ਹੈ।
ਗਿਆਨ ਪ੍ਰਾਪਤ ਕਰ ਕੇ ਸਭ ਲਗਾਅ ਤਿਆਗ ਕੇ ਜੇ ਕੋਈ ਬੇਫ਼ਿਕਰ ਹੋ ਕੇ ਹਰ ਹਾਲਾਤ ਵਿਚ ਇਕ ਸਮਾਨ ਚਿੱਤ ਵਾਲਾ ਬਣ ਜਾਂਦਾ ਹੈ ਤਾਂ ਉਹੀ ਮੁਕਤੀ ਹੈ। ਉਹੀ ਪਰਮਾਨੰਦ ਹੈ। ਸਰੀਰ, ਆਤਮਾ ਅਤੇ ਪਰਮਾਤਮਾ ਦਾ ਆਪਸੀ ਸਬੰਧ ਦੱਸਣ ਦੀਆਂ ਪ੍ਰਣਾਲੀਆਂ ’ਚ ਫ਼ਰਕ ਹੈ। ਪਰਮਾਤਮਾ ਸਾਡੀ ਸਮਝ ਵਿਚ ਨਹੀਂ ਆਉਂਦਾ, ਇਸੇ ਲਈ ਸਾਡੇ ਮਹਾਨ ਅਚਾਰੀਆਂ ਨੇ ਅਨੇਕ ਪ੍ਰਣਾਲੀਆਂ ਦੱਸੀਆਂ। ਆਤਮਾ ਸਰੀਰ ਨੂੰ ਜਿਊਂਦੇ ਸਰੀਰ ਦਾ ਗੁਣ ਪ੍ਰਦਾਨ ਕਰਦੀ ਹੈ। ਪਰਮਾਤਮਾ ਜੀਵ ਆਤਮਾ ਨੂੰ ਦਿੱਵਿਆ ਨੂਰ ਦਿੰਦਾ ਹੈ। ਜੀਵ ਆਤਮਾ ਸਰੀਰ ਵਿਚ ਪ੍ਰਾਣਾਂ ਦਾ ਪੋਸ਼ਣ ਕਰਦੀ ਹੈ।
ਪਰਮਾਤਮਾ ਜੀਵ ਆਤਮਾ ਦੇ ਦੈਵੀ ਸੁਭਾਅ ਦਾ ਪੋਸ਼ਣ ਕਰਦਾ ਹੈ। ਜਿਸ ਤਰ੍ਹਾਂ ਇਸ ਮਾਤ ਲੋਕ ਵਿਚ ਸਰੀਰ ਅਤੇ ਆਤਮਾ ਇਕ ਸੁੱਖਮਈ ਸਾਮਰਾਜ ਵਿਚ ਰਹਿ ਸਕਦੇ ਹਨ, ਠੀਕ ਉਸੇ ਤਰ੍ਹਾਂ ਜੇ ਜੀਵ ਆਤਮਾ ਪਰਮਾਤਮਾ ਦੇ ਸੁੱਖਮਈ ਸਾਮਰਾਜ ਵਿਚ ਰਹੇ ਅਤੇ ਉਸ ਵਿਚ ਕੋਈ ਅਧੂਰਾਪਣ, ਅਗਿਆਨਤਾ ਜਾਂ ਨਾਦਾਨੀ ਨਾ ਹੋਵੇ ਤਾਂ ਇਹੀ ਮੁਕਤੀ ਹੈ। ਪਰਮਾਤਮਾ ਦਾ ਇਹ ਸਾਮਰਾਜ ਪ੍ਰਾਪਤ ਕਰਨ ਲਈ ਜੀਵਨ ਦੀ ਪਵਿੱਤਰਤਾ ਅਤੇ ਆਤਮ-ਸੰਜਮ ਜ਼ਰੂਰੀ ਹੈ।