ਦੁਨੀਆ ਦੇ ਇਤਿਹਾਸਾਂ ਵਿਚ ਜਿੰਨੇ ਵੀ ਯੁੱਧ ਲੜੇ ਗਏ ਉਹ ਸਭ ਜ਼ਰ, ਜ਼ੋਰੂ ਜਾਂ ਜ਼ਮੀਨ ਖ਼ਾਤਰ ਜਾਂ ਆਪਣੇ ਨਿੱਜੀ ਫ਼ਾਇਦੇ ਖ਼ਾਤਰ ਹੀ ਲੜੇ ਗਏ ਪ੍ਰੰਤੂ ਸਿੱਖ ਇਤਿਹਾਸ ਹੀ ਇਕ ਅਜਿਹਾ ਸ਼ਹੀਦਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਇਤਿਹਾਸ ਹੈ। ਜਿੱਥੇ ਸਾਰੇ ਹੀ ਯੁੱਧ ਅਤੇ ਸ਼ਹਾਦਤਾਂ ਸਮੁੱਚੀ ਮਨੁੱਖਤਾ ਦੇ ਭਲੇ ਲਈ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਅਤੇ ਗ਼ਰੀਬ ਮਜ਼ਲੂਮਾਂ ਉੱਤੇ ਹੁੰਦੇ ਜ਼ੁਲਮਾਂ ਵਿਰੁੱਧ ਲੜੇ ਗਏ ਪ੍ਰੰਤੂ ਵਿਸ਼ੇਸ਼ਕਰ ਦਸੰਬਰ ਮਹੀਨੇ ਵਿਚ ਹੋਈਆਂ ਮਾਸੂਮ ਅਤੇ ਗੌਰਵਮਈ ਸ਼ਹਾਦਤਾਂ ਦੀ ਗਾਥਾ ਇੰਨੀ ਵੈੇਰਾਗਮਈ ਹੈ ਕਿ ਦੁਨੀਆ ਦਾ ਹਰ ਜਾਗਦੀ ਜਮੀਰ ਵਾਲਾ ਇਨਸਾਨ ਇਹ ਗਾਥਾ ਸੁਣ ਕੇ ਅੱਜ ਸ਼ਰਧਾ ਨਾਲ ਸੀਸ ਝੁਕਾਉਂਦਾ ਹੈ। ਦਸੰਬਰ ਮਹੀਨੇ ਦੀਆਂ ਇਨ੍ਹਾਂ ਸ਼ਹਾਦਤਾਂ ਦੀ ਗੌਰਵਮਈ ਗਾਥਾ ਜੋ 19-20 ਦਸੰਬਰ 1704 ਤੋਂ ਸ਼ੁਰੂ ਹੁੰਦੀ ਹੈ ਦਾ ਜ਼ਿਕਰ ਬਹੁਤ ਹੀ ਦੁਖਦਾਈ ਹੈ।
ਇਤਿਹਾਸਕਾਰ ਲਿਖਦੇ ਹਨ ਕਿ 15 ਮਈ ਤੋਂ ਲੈ ਕੇ 18 ਦਸੰਬਰ 1704 ਈ. ਤਕ 10 ਲੱਖ ਮੁਗ਼ਲ ਫ਼ੌਜਾਂ ਦਾ ਘੇਰਾ ਅਨੰਦਗੜ੍ਹ ਕਿਲ੍ਹੇ ਨੂੰ ਪਿਆ ਰਿਹਾ। ਅੰਦਰ ਬੈਠੇ ਸੂਰਮੇ ਸਿੰਘ ਭੁੱਖ ਭਾਣੇ ਜਾਨਾਂ ਤੋੜ ਕੇ ਲੜੇ ਪਰ ਦੁਸ਼ਮਣ ਨੂੰ ਕਿਲ੍ਹੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਆਖ਼ਰ ਦੁਸ਼ਮਣ ਹਾਕਮਾਂ ਵੱਲੋਂ ਕਸਮਾਂ ਖਾਣ ਤੇ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਬਾਕੀ ਸਿੱਖਾਂ ਸਮੇਤ 19-20 ਦਸੰਬਰ 1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਛੱਡਣ ਉਪਰੰਤ ਰੋਪੜ ਵੱਲ ਚਾਲੇ ਪਾ ਦਿੱਤੇ ਪਰ ਦੁਸ਼ਮਣ ਕਸਮਾਂ ਤੋੜ ਕੇ ਪਿੱਛੋਂ ਹਮਲਾਵਰ ਹੋ ਗਏ। ਰਸਤੇ ਵਿਚ ਪੈਂਦੀ ਹੜ੍ਹ ਨਾਲ ਨੱਕੋ ਨੱਕ ਭਰੀ ਸਰਸਾ ਨਦੀ ਦੇ ਕੰਢੇ ਉੱਤੇ 20 ਦਸੰਬਰ 1704 ਦੀ ਰਾਤ ਨੂੰ ਘਮਸਾਨ ਦੇ ਹੋਏ ਯੁੱਧ ਵਿਚ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਬਹੁਤ ਸਾਰੇ ਔਰਤਾਂ ਬੱਚੇ ਤੇ ਗੁਰੂ ਜੀ ਵੱਲੋਂ ਰਚਿਤ ਕਈ ਗ੍ਰੰਥ ਵੀ ਹੜ੍ਹ ਵਿਚ ਰੁੜ੍ਹ ਗਏ ਅਤੇ ਇੱਥੇ ਹੀ ਗੁਰੂ ਜੀ ਦਾ ਪਰਿਵਾਰ ਵਿਛੜ ਕੇ ਖੇਰੂੰ ਖੇਰੂੰ ਹੋ ਗਿਆ ਸੀ।
ਗੁਰੂ ਜੀ 40 ਸਿੰਘਾਂ ਸਮੇਤ 21 ਦਸੰਬਰ ਦੀ ਸ਼ਾਮ ਨੂੰ ਚਮਕੌਰ ਸਾਹਿਬ ਪੁੱਜ ਗਏ ਅਤੇ ਇੱਥੇ ਇਕ ਕੱਚੀ ਹਵੇਲੀ ਜੋ ਇਤਿਹਾਸ ਵਿਚ ਚਮਕੌਰ ਦੀ ਗੜ੍ਹੀ ਵਜੋਂ ਜਾਣੀ ਜਾਂਦੀ ਹੈ ਇੱਥੇ ਮੋਰਚੇ ਸੰਭਾਲ ਲਏ। ਜਿੱਥੇ 22 ਦਸੰਬਰ ਦੀ ਸਵੇਰ ਨੂੰ 40 ਸਿੰਘਾਂ ਅਤੇ 10 ਲੱਖ ਮੁਗ਼ਲ ਫ਼ੌਜਾਂ ਵਿਚ ਸੰਸਾਰ ਦਾ ਅਨੋਖਾ ਯੁੱਧ ਹੋਇਆ ਜਿਸ ਵਿਚ ਹੋਰ ਸਿੰਘਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ 18 ਸਾਲ ਅਤੇ ਜੁਝਾਰ ਸਿੰਘ 14 ਸਾਲ ਜੰਗ ਵਿਚ ਜੂਝਦੇ ਸ਼ਹੀਦ ਹੋ ਗਏ। ਚਮਕੌਰ ਗੜ੍ਹੀ ਦੀ ਨਾਜ਼ੁਕ ਸਥਿਤੀ ਨੂੰ ਵੇਖ ਕੇ ਪੰਜ ਸਿੰਘਾਂ ਵੱਲੋਂ ਸਿੱਖੀ ਦੇ ਭਵਿੱਖ ਲਈ ਦਿੱਤੇ ਆਦੇਸ਼ ਅਨੁਸਾਰ ਗੁਰੂ ਜੀ 22 ਦਸੰਬਰ ਦੀ ਰਾਤ ਨੂੰ 3 ਸਿੰਘਾਂ ਸਮੇਤ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ ਸਨ।
ਅੱਲ੍ਹਾ ਯਾਰ ਖਾਂ ਜੋਗੀ ਲਿਖਦੇ ਨੇ
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ।