ਸੰਸਾਰ ਵਿਚ ਹਰ ਮਨੁੱਖ ਦੀ ਇੱਛਾ ਹੈ ਕਿ ਉਸ ਨੂੰ ਈਸ਼ਵਰ ਦੀ ਪ੍ਰਾਪਤੀ ਹੋ ਜਾਵੇ। ਇਸ ਪ੍ਰਾਪਤੀ ਦਾ ਰਾਹ ਸਿਰਫ਼ ਗਿਆਨ ਦੁਆਰਾ ਜਾਣਿਆ ਜਾ ਸਕਦਾ ਹੈ। ਇਸ ਦੇ ਲਈ ਮਨੁੱਖ ਨੂੰ ਪਹਿਲਾਂ ਖ਼ੁਦ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਹਰੇਕ ਜੀਵ ਕੁਦਰਤ ਦੇ ਪੰਜ ਤੱਤਾਂ-ਅਗਨੀ, ਜਲ, ਹਵਾ, ਧਰਤੀ ਤੇ ਆਕਾਸ਼ ਨਾਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸਰੀਰ ਵਿਚ ਪੰਜ ਗਿਆਨ ਇੰਦਰੀਆਂ-ਅੱਖ, ਕੰਨ, ਨੱਕ, ਜੀਭ ਤੇ ਚਮੜੀ, ਪੰਜ ਕਰਮ ਇੰਦਰੀਆਂ-ਹੱਥ, ਪੈਰ, ਮੂੰਹ, ਗੁੱਦਾ ਅਤੇ ਲਿੰਗ ਅਤੇ ਚਾਰ ਅੰਤ-ਕਰਨ-ਮਨ, ਬੁੱਧੀ, ਚਿੱਤ ਤੇ ਹੰਕਾਰ ਹੁੰਦੀਆਂ ਹਨ। ਇਨ੍ਹਾਂ ਦੇ ਵਿਸ਼ੇ ਹੁੰਦੇ ਹਨ-ਇੱਛਾ, ਸਾੜਾ, ਸੁੱਖ, ਦੁੱਖ, ਕਾਮਨਾਵਾਂ, ਕਰੋਧ, ਮੋਹ ਆਦਿ। ਮਨੁੱਖ ਇਨ੍ਹਾਂ ਜ਼ਰੀਏ ਆਪਣੇ ਕਰਮ ਖੇਤਰ ਵਿਚ ਕਾਰਜ ਕਰਦਾ ਹੈ। ਇਸੇ ਦੇ ਨਾਲ ਸਰੀਰ ਵਿਚ ਬ੍ਰਹਮਾ ਖ਼ੁਦ ਵੀ ਬਿਰਾਜਮਾਨ ਰਹਿੰਦੇ ਹਨ ਜੋ ਇਸ ਕਰਮ ਖੇਤਰ ਦੇ ਜਾਣੂ ਦੇ ਰੂਪ ਵਿਚ ਰਹਿੰਦੇ ਹਨ। ਬ੍ਰਹਮਾ ਸੰਸਾਰ ਦੇ ਸਮੁੱਚੇ ਪ੍ਰਾਣੀਆਂ ਵਿਚ ਗਿਆਤਾ ਦੇ ਰੂਪ ਵਿਚ ਹਰ ਸਮੇਂ ਮੌਜੂਦ ਹਨ। ਉਹ ਜੀਵ ਦੇ ਸਾਰੇ ਕੰਮ-ਕਾਰਾਂ ਨੂੰ ਬਿਨਾਂ ਕੋਈ ਦਖ਼ਲ ਦਿੱਤੇ ਦੇਖਦੇ ਰਹਿੰਦੇ ਹਨ।
ਇਸ ਲਈ ਪਰਮ ਬ੍ਰਹਮਾ ਪੂਰੇ ਸੰਸਾਰ ਦੇ ਗਿਆਤਾ ਹਨ। ਸਾਫ਼ ਹੈ ਕਿ ਈਸ਼ਵਰ ਸਾਡੇ ਸਰੀਰ ਵਿਚ ਹੀ ਮੌਜੂਦ ਹੈ। ਅਸੀਂ ਉਸ ਨੂੰ ਆਪਣੇ ਕਰਮ ਅਤੇ ਸੋਚ ਦੁਆਰਾ ਪ੍ਰਾਪਤ ਕਰ ਸਕਦੇ ਹਾਂ। ਭਗਵਾਨ ਨੇ ਗੀਤਾ ਵਿਚ ਕਿਹਾ ਹੈ ਕਿ ਜੋ ਆਪਣੇ ਸਾਰੇ ਕਰਮਾਂ ਨੂੰ ਮੈਨੂੰ ਸਮਰਪਿਤ ਕਰ ਕੇ ਅਤੇ ਬਿਨਾਂ ਪਰੇਸ਼ਾਨ ਹੋਏ ਮੇਰੀ ਭਗਤੀ ਤੇ ਪੂਜਾ ਕਰਦੇ ਹਨ ਅਤੇ ਆਪਣੇ ਚਿੱਤ ਨੂੰ ਮੇਰੇ ’ਤੇ ਸਥਿਰ ਕਰ ਕੇ ਨਿਰੰਤਰ ਮੇਰਾ ਧਿਆਨ ਕਰਦੇ ਹਨ, ਉਹ ਮੈਨੂੰ ਜਲਦੀ ਪ੍ਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਜਨਮ-ਮੌਤ ਦੇ ਸਾਗਰ ਤੋਂ ਜਲਦੀ ਮੁਕਤ ਕਰ ਕੇ ਉਨ੍ਹਾਂ ਨੂੰ ਮੁਕਤੀ ਪ੍ਰਦਾਨ ਕਰਦਾ ਹਾਂ। ਮਨੁੱਖ ਇਕ ਵਿਵੇਕਸ਼ੀਲ ਪ੍ਰਾਣੀ ਹੈ। ਉਸ ਨੂੰ ਆਪਣੇ ਵਿਵੇਕ ਦੁਆਰਾ ਆਪਣੇ ਇੰਦਰੀਆਂ ਬਾਬਤ ਵਿਸ਼ਿਆਂ ਨੂੰ ਕਾਬੂ ਕਰਦੇ ਹੋਏ ਕਰਮ ਕਰਨਾ ਚਾਹੀਦਾ ਹੈ ਅਤੇ ਕਰਮਾਂ ਦਾ ਫ਼ਲ ਈਸ਼ਵਰ ਨੂੰ ਸਮਰਪਿਤ ਕਰਦੇ ਹੋਏ ਆਪਣੀ ਜੀਵਨ-ਯਾਤਰਾ ਪੂਰੀ ਕਰਨੀ ਚਾਹੀਦੀ ਹੈ। ਨਾਲ ਹੀ ਆਪਣੇ ਚਿੱਤ ਨੂੰ ਹਮੇਸ਼ਾ ਈਸ਼ਵਰ ਵਿਚ ਸਥਿਤ ਕਰ ਕੇ ਭਗਤੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਬਿਨਾਂ ਕਿਸੇ ਅਡੰਬਰ ਅਤੇ ਦਿਖਾਵੇ ਦੇ ਉਸ ਨੂੰ ਅੰਤ ਵਿਚ ਮੁਕਤੀ ਅਤੇ ਈਸ਼ਵਰ ਪ੍ਰਾਪਤੀ ਹੋ ਜਾਵੇਗੀ। ਈਸ਼ਵਰ ਦੀ ਪ੍ਰਾਪਤੀ ਹੀ ਸਾਡੇ ਜੀਵਨ ਦਾ ਅੰਤਿਮ ਟੀਚਾ ਹੈ।