ਸ਼੍ਰੀ ਅਨੰਦਪੁਰ ਸਾਹਿਬ। ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਪਹੁੰਚਾਉਣ ਲਈ ਲਿਫਟ ਸਿੰਚਾਈ ਯੋਜਨਾ ਦਾ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨੀਂਹ ਪੱਥਰ ਰੱਖਿਆ ਗਿਆ। 90 ਕਰੋੜ ਰੁਪਏ ਦੇ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਚੰਗਰ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਸਮਲਾਹ ਪਿੰਡ ਵਿਖੇ ਰੱਖਿਆ ਗਿਆ। ਇਹ ਲਿਫਟ ਸਿੰਜਾਈ ਯੋਜਨਾ ਪੰਜਾਬ ਰਾਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਇਸ ਇਲਾਕੇ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਇਹ ਆਪਣੇ ਮਨ ਵਿਚ ਇੱਛਾ ਧਾਰ ਲਈ ਸੀ ਕਿ ਜਦੋਂ ਵੀ ਪ੍ਰਮਾਤਮਾ ਨੇ ਤਾਕਤ ਬਖ਼ਸ਼ੀ ਤਾਂ ਚੰਗਰ ਦੇ ਪਿੰਡਾਂ ਦੀ ਪਾਣੀ ਦੀ ਘਾਟ ਵਾਲੀ ਸਮੱਸਿਆ ਦੂਰ ਕਰਨੀ ਹੈ।
ਉਨ੍ਹਾਂ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਮੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਲਿਫ਼ਟ ਸਿੰਜਾਈ ਯੋਜਨਾ ਲਈ 23 ਵਿਭਾਗਾਂ ਅਤੇ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਉਪਰੰਤ ਇਸ ਯੋਜਨਾ ਤੇ ਅੱਜ ਕੰਮ ਸੁਰੂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਵਿੱਚ ਹੀ ਡੇਢ ਸਾਲ ਤੋਂ ਵੱਧ ਸਮਾਂ ਬੀਤ ਗਿਆ।
ਚੰਗਰ ਦੇ ਇਲਾਕੇ ਦੀ ਤਸਵੀਰ ਤੇ ਤਕਦੀਰ ਬਦਲੇਗੀ ਲਿਫਟ ਸਿੰਚਾਈ ਯੋਜਨਾ-ਹਰਜੋਤ ਸਿੰਘ ਬੈਂਸ
90 ਕਰੋੜ ਦੀ ਲਾਗਤ ਵਾਲੀ ਲਿਫ਼ਟ ਸਿੰਜਾਈ ਯੋਜਨਾ ਛੇ ਮਹੀਨਿਆਂ ਵਿੱਚ ਚੜ੍ਹੇਗਾ ਨੇਪਰੇ: ਕੈਬਨਿਟ ਮੰਤਰੀ
ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੰਗਰ ਦੇ ਇਲਾਕੇ ਵਿੱਚ ਸੜਕਾਂ, ਸਕੂਲਾਂ, ਸਿਹਤ ਕੇਦਰਾਂ ਅਤੇ ਖੇਡ ਮੈਦਾਨਾਂ ਦੀ ਬਦਲੀ ਨੁਹਾਰ : ਬੈਂਸ
ਉਨ੍ਹਾਂ ਦੱਸਿਆ ਕਿ 10 ਪੰਪ ਸੈਟ ਰਾਹੀਂ ਚੰਗਰ ਦੇ ਇਲਾਕੇ ਦੇ ਖੇਤੀ ਅਧੀਨ 3300 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨੂੰ ਛੇ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਇੱਕ ਦਰਜਨ ਤੋ ਵੱਧ ਪਿੰਡਾਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਜਾਈ ਲਈ ਪਾਣੀ ਵਰਗੀ ਬੁਨਿਆਦੀ ਸਹੂਲਤ ਨਾ ਮਿਲਣ ਕਾਰਨ ਸੰਤਾਪ ਹੰਡਾਂ ਰਹੇ ਹਨ।
ਉਨ੍ਹਾਂ ਕਿਹਾ ਕਿ ਚੰਗਰ ਦੇ ਪਿੰਡਾਂ ਵਿਚ ਪਾਣੀ ਨਾ ਹੋਣ ਕਾਰਨ ਚੰਗਰ ਦੇ ਵਸਨੀਕਾਂ ਨੂੰ ਗਰਮੀ ਦੇ ਮੌਸਮ ਵਿਚ ਆਪਣੇ ਘਰ ਅਤੇ ਖੇਤ ਛੱਡ ਕੇ ਪਾਣੀ ਲਈ ਸ੍ਰੀ ਅਨੰਦਪੁਰ ਸਾਹਿਬ ਵਿਚੋਂ ਲੰਘਦੇ ਸਤਲੁਜ ਨੇੜਲੇ ਖੇਤਰਾਂ ਵਿਚ ਲੈ ਕੇ ਜਾਣਾ ਪੈਂਦਾਂ ਹੈ, ਅਤੇ ਪਿੱਛੇ ਫਸਲਾਂ ਨੂੰ ਜੰਗਲੀ ਅਤੇ ਅਵਾਰਾ ਪਸ਼ੂ ਖਰਾਬ ਕਰ ਦਿੰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਹਰ ਸਾਲ ਨੁਕਸਾਨ ਉਠਾਉਣਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੇਰਾ ਚੰਗਰ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਸੁਪਨਾ ਸਾਕਾਰ ਹੋਇਆ ਹੈ ਤੇ ਚੰਗਰ ਇਲਾਕੇ ਨੂੰ ਚੰਗਾ ਇਲਾਕਾ ਬਣਾਉਣ ਲਈ ਇਸ ਦੀ ਤਸਵੀਰ ਤੇ ਇੱਥੇ ਰਹਿ ਰਹੇ ਲੋਕਾਂ ਦੀ ਤਕਦੀਰ ਬਦਲਣ ਲਈ 300 ਕਰੋੜ ਰੁਪਏ ਦੀ ਇਕ ਹੋਰ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਅਤੇ ਇਲਾਕੇ ਦੇ ਖੇਤਾਂ ਵਿੱਚ ਤਾਰ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ। ਇਸ ਪ੍ਰੋਜੈਕਟ ਸਬੰਧੀ ਸਬੰਧੀ ਵਰਲਡ ਬੈਂਕ ਗੱਲ ਬਾਤ ਚਲ ਰਹੀ ਹੈ ਜਿਸ ਦੇ ਜਲਦ ਨੇਪਰੇ ਚੜ੍ਹਨ ਦੀ ਆਸ ਹੈ।
10 ਪੰਪ ਹਾਊਸਾਂ ਰਾਹੀਂ ਲਗਭਗ 3300 ਏਕੜ ਰਕਬੇ ਦੀ ਨਹਿਰਾ ਪਾਣੀ ਨਾਲ ਹੋਵੇਗੀ ਸਿੰਚਾਈ : ਹਰਜੋਤ ਸਿੰਘ ਬੈਂਸ
ਚੰਗਰ ਦੇ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਲਈ 300 ਕਰੋੜ ਦੇ ਪ੍ਰੋਜੈਕਟਾਂ ਸਬੰਧੀ ਵਰਲਡ ਬੈਂਕ ਨਾਲ ਚਲ ਰਹੀ ਗੱਲ : ਕੈਬਨਿਟ ਮੰਤਰੀ
ਉਨ੍ਹਾਂ ਨੇ ਦੱਸਿਆ ਕਿ ਚੰਗਰ ਦੇ ਇਲਾਕੇ ਵਿੱਚ ਦੋ ਦਹਾਕਿਆਂ ਤੋ ਵੱਧ ਸਮੇਂ ਤੋਂ ਬੰਦ ਪਏ ਚਾਰ ਡੂੰਘੇ ਟਿਊਬਵੈਲ ਮੁੜ ਚਾਲੂ ਕੀਤੇ ਗਏ ਹਨ ਅਤੇ ਦੋ ਹੋਰ ਨਵੇ ਟਿਊਬਵੈਲ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੰਗਰ ਦੇ ਇਲਾਕੇ ਲਖੇੜ ਵਿਚ ਦੇਸ਼ ਦਾ ਸਭ ਤੋ ਬਿਹਤਰੀਨ ਸਕੂਲ ਆਫ ਹੈਪੀਨੈਂਸ ਬਣਾਇਆ ਜਾ ਰਿਹਾ ਹੈ, ਜਿੱਥੇ ਪ੍ਰਾਇਮਰੀ ਪੱਧਰ ਤੱਕ ਦੀ ਵਿੱਦਿਆਂ ਮਿਲੇਗੀ।
ਸ.ਹਰਜੋਤ ਬੈਂਸ ਨੇ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ 2.50 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਹੈਲਥ ਸੈਂਟਰ ਨੂੰ ਬਣਾਇਆ ਜਾ ਰਿਹਾ ਹੈ, ਹਲਕੇ ਦੇ ਸਾਰੇ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਸੇਵਾਵਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੰਜਾਬ ਸਰਹੱਦ ਨਾਲ ਲੱਗਦਾ ਨੀਮ ਪਹਾੜੀ ਇਲਾਕਾ ਕੁਦਰਤੀ ਸੁਹੱਪਣ ਦੀ ਮੂੰਹ ਬੋਲਦੀ ਤਸਵੀਰ ਹੈ। ਅੱਜ ਤੋ ਪਹਿਲਾ ਕਿਸੇ ਵੀ ਨੁਮਾਇੰਦੇ ਨੇ ਇਸ ਇਲਾਕੇ ਦੀ ਪ੍ਰਗਤੀ ਤੇ ਖੁਸ਼ਹਾਲੀ ਬਾਰੇ ਉਪਰਾਲੇ ਨਹੀ ਕੀਤੇ, ਸਗੋ ਇਨ੍ਹਾਂ ਲੋਕਾਂ ਨੂੰ ਪਿਛੜੇ ਹੀ ਰਹਿਣ ਦਿੱਤਾ, ਜਦੋਂ ਕਿ ਕੁਦਰਤੀ ਸ੍ਰੋਤਾਂ ਨਾਲ ਭਰਪੂਰ ਸੂਬੇ ਦਾ ਸਭ ਤੋ ਸੁੰਦਰ ਇਲਾਕਾ ਸੈਰ ਸਪਾਟਾ ਹੱਬ ਵਜੋਂ ਵਿਕਸਤ ਹੋ ਸਕਦਾ ਸੀ, ਅਸੀ ਇਸ ਲਈ ਕੰਮ ਸੁਰੂ ਕਰ ਦਿੱਤਾ ਹੈ। ਖਾਲਸੇ ਦੀ ਜਨਮ ਸਥਾਨ ਤੇ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੋ ਇਲਾਵਾ ਮਾਤਾ ਸ੍ਰੀ ਨੈਣਾ ਦੇਵੀ ਦੀਆਂ ਪਹਾੜੀਆਂ ਦੇ ਨੇੜੇ ਇਸ ਇਲਾਕੇ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਸਾਲਾ ਦੌਰਾਨ ਇਹ ਇਲਾਕਾ ਪੰਜਾਬ ਦਾ ਸਭ ਤੋਂ ਸੁੰਦਰ ਤੇ ਖੁਸ਼ਹਾਲ ਇਲਾਕਾ ਬਣ ਜਾਵੇਗਾ, ਜਿੱਥੇ ਸਾਰੀਆ ਸੜਕਾਂ ਘੱਟੋ ਘੱਟ 18 ਫੁੱਟ ਚੋੜੀਆਂ ਹੋਣਗੀਆ। ਉਨ੍ਹਾਂ ਨੇ ਕਿਹਾ ਕਿ ਅਸੀ ਮੌਜੂਦਾ ਸਮੇ ਕਈ ਸੜਕਾਂ ਨੂੰ ਚੋੜਾ ਕਰ ਰਹੇ ਹਾਂ, ਪੁੱਲਾਂ ਦਾ ਨਿਰਮਾਣ ਹੋ ਰਿਹਾ ਹੈ ਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ। ਇਸ ਸਿੰਚਾਈ ਯੋਜਨਾ ਪ੍ਰੋਜੈਕਟ ਲਈ ਮੁਫ਼ਤ ਜ਼ਮੀਨ ਦੇਣ ਵਾਲੇ ਪਰਿਵਾਰਾਂ ਦਾ ਕੈਬਨਿਟ ਮੰਤਰੀ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।