harsimrat kaur badal arrived at shri darbar sahib to pay visit to sukhbir singh badal after being shot
ਅੰਮ੍ਰਿਤਸਰ : ਸੁਖਬੀਰ ਸਿੰਘ ਬਾਦਲ 'ਤੇ ਗੋਲ਼ੀ ਚੱਲਣ ਦੀ ਖ਼ਬਰ ਨੂੰ ਸੁਣ ਤੁਰੰਤ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ, ਜਿੱਥੇ ਉਹ ਨਤਮਸਤਕ ਹੋਣ ਉਪਰੰਤ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨਗੇ। ਧਾਰਮਿਕ ਸਜ਼ਾ ਨਿਭਾਉਣ ਦੇ ਦੂਜੇ ਦਿਨ ਜਦੋਂ ਸੁਖਬੀਰ ਸਿੰਘ ਬਾਦਲ ਅੱਜ ਦਰਬਾਰ ਸਾਹਿਬ ਦੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਨਾਰਾਇਣ ਸਿੰਘ ਚੌੜਾ ਨੇ ਗੋਲ਼ੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਸੇਵਾਦਾਰਾਂ ਨੇ ਮੌਕੇ ਉੱਤੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਇਸ ਦੌਰਾਨ ਬੀਬੀ ਬਾਦਲ ਬੇਹੱਦ ਭਾਵੁਕ ਨਜ਼ਰ ਆਏ। ਗੋਲ਼ੀ ਚੱਲਣ ਵਾਲੇ ਦਾ ਨਾਮ ਨਰਾਇਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ, ਪਹਿਲਾਂ ਵੀ ਗਰਮ ਖਿਆਲੀਆਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਨਰਾਇਣ ਚੌੜਾ ਨੂੰ ਲੈ ਕੇ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਪੁਲਸ ਮੁਤਾਬਕ ਨਰਾਇਣ ਸਿੰਘ ਕੱਲ੍ਹ ਵੀ ਸ੍ਰੀ ਦਰਬਾਰ ਸਾਹਿਬ ਆਇਆ ਸੀ ਅਤੇ ਪੁਲਸ ਵਲੋਂ ਪਹਿਲਾਂ ਤੋਂ ਹੀ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ 'ਤੇ ਅੱਜ ਜਾਨਲੇਵਾ ਹਮਲਾ ਹੋ ਗਿਆ। ਇਸ ਹਮਲੇ ਵਿਚ ਭਾਵੇਂ ਗੋਲ਼ੀ ਚੱਲੀ ਹੈ ਪਰ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ।