ਚਮਕੌਰ ਦੀ ਗੜ੍ਹੀ 'ਚ ਗੁਰੂ ਸਾਹਿਬ ਨੇ ਖਾਲਸੇ ਦੇ ਹੁਕਮ ਅੱਗੇ ਸੀਸ ਨਿਵਾਇਆ
ਰਾਜਬੀਰ ਕੌਰ :- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਆਪ ਨੂੰ ਕੱਲ੍ਹ ਜੰਗ ਵਿੱਚ ਸ਼ਹੀਦ ਹੋਣ ਵਾਸਤੇ ਤਿਆਰ ਕਰ ਰਹੇ ਹਨ। ਇਸੇ ਨੂੰ ਦੇਖਕੇ ਉੱਥੇ ਬਚਦੇ ਸਿੰਘਾਂ ਨੇ ਸੋਚਿਆ ਕਿ ਇਸ ਸਮੇਂ ਪੰਥ ਨੂੰ ਗੁਰੂ ਸਾਹਿਬ ਦੀ ਲੋੜ ਹੈ। 1699 ਦੀ ਵਿਸਾਖੀ ਸਮੇਂ ਖਾਲਸਾ ਪੰਥ ਦੀ ਸਾਜਣਾ ਵੇਲੇ ਖਾਲਸੇ ਨੂੰ ਬਖਸ਼ੀ ਵਡਿਆਈ ਅਧੀਨ ਆਪੇ ਗੁਰ ਚੇਲਾ ਬਣਨ ਵਾਲੇ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਉਹ ਚਮਕੌਰ ਦੀ ਗੜ੍ਹੀ ਛੱਡ ਜਾਣ। ਇਹ ਬਹੁਤ ਜੋਖ਼ਮ ਭਰਿਆ ਕੰਮ ਸੀ, ਗੁਰੂ ਸਾਹਿਬ ਨੇ ਖਾਲਸੇ ਦੇ ਹੁਕਮ ਅੱਗੇ ਸੀਸ ਨਿਵਾਇਆ ਤੇ ਹੁਕਮ ਮੰਨਿਆਂ। ਫੇਰ ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਬੇਲੀ, ਜੋ ਉਨ੍ਹਾਂ ਦੇ ਹਮਸ਼ਕਲ ਤੇ ਹਮ ਉਮਰ ਵੀ ਸਨ ਜੋ ਹਰ ਵਕਤ ਨਿਮਾਣੇ ਸਿੱਖ ਵਜੋਂ ਵਿਚਰਦੇ ਸਨ ਤੇ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਜੰਗਜੂ ਸਿਪਾਹੀ ਵੀ ਸਨ। ਜੋ ਗੁਰੂ ਸਾਹਿਬ ਵਲੋਂ ਹਰ ਇਮਤਿਹਾਨ ਵਿੱਚ ਪੂਰੇ ਉਤਰਦੇ ਰਹੇ ਸਨ ਨੂੰ ਆਪਣੇ ਪਿਆਰੇ ਸਿੱਖ ਦਾ ਮਾਣ ਦਿੰਦੇ ਹੋਏ ਆਪਣੀ ਛਾਤੀ ਨਾਲ ਲਾਇਆ ਤੇ ਆਪਣੀ ਹੀਰਿਆਂ ਜੜੀ ਕਲਗੀ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਅਤੇ ਆਪਣੇ ਸ਼ਸਤਰ- ਬਸਤਰ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਅਤੇ ਤਕੜੇ ਰਹਿਣ ਦੀ ਥਾਪਣਾ ਦਿੰਦੇ ਹੋਏ ਕਿਹਾ ਕਿ ਭਾਈ ਸੰਗਤ ਸਿੰਘ ਤੁਸੀਂ ਮੇਰੇ ਮਗਰੋਂ ਮੇਰੀ ਪੌਸ਼ਾਕ ਵਿੱਚ, ਕਲਗੀ ਸਣੇ ਮੇਰੇ ਮੋਰਚੇ ਵਾਲੇ ਆਸਣ ਤੇ ਬੈਠਣਾ ਹੈ ਅਤੇ ਦਿਨ ਚੜ੍ਹਨ 'ਤੇ ਜਦੋਂ ਮੁਗਲ ਫੌਜੀ ਗੜ੍ਹੀ ਉੱਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਮੁਕਾਬਲਾ ਕਰਨਾ ਹੈ। ਜੀਊਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾਂ ਤੇ ਮੈਦਾਨ-ਏ-ਜੰਗ ਵਿੱਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ। ਜਦੋਂ ਗੁਰੂ ਸਾਹਿਬ ਦੋ ਸਿੰਘਾਂ ਸਮੇਤ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਨੂੰ ਛੱਡਕੇ ਗਏ ਤਾਂ ਕਿਹਾ ਜਾਂਦਾ ਹੈ ਕਿ ਭਾਈ ਕੀਤਾ ਸਿੰਘ ਤੇ ਭਾਈ ਸੰਗਤ ਸਿੰਘ ਨੇ ਨਗਾਰਾ ਵੀ ਬਜਾਇਆ। ਮੁਗਲਾਂ ਦੀ ਫੌਜ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਕੋਈ ਗੜ੍ਹੀ ਵਿਚੋਂ ਗਿਆ ਹੈ ਇਸ ਕਰਕੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਪੈੜ ਨੱਪਣ ਦਾ ਜਤਨ ਕੀਤਾ ਪਰ ਸਫਲ ਨਾ ਹੋ ਸਕੇ। ਵਜ਼ੀਰ ਖਾਨ ਨੇ ਇਹ ਸੁਣਕੇ ਆਪਣੇ ਸੈਨਿਕਾਂ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਮੁਗਲਾਂ ਨੇ ਉੱਚੀ ਮਮਟੀ (ਗੁੰਬਦ) ਉੱਤੇ ਬੈਠੇ ਗੁਰੂ ਸਾਹਿਬ ਨੂੰ ਦੇਖਿਆ।
ਚਮੌਕਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼ਰੀਰ ਮੈਦਾਨ-ਏ-ਜੰਗ ਵਿੱਚ ਪਏ ਸਨ ਅਤੇ ਮੁਗਲਾਂ ਨੇ ਪੂਰੇ ਇਲਾਕੇ ਵਿੱਚ ਇਹ ਢੰਢੋਰਾ ਪਿਟਵਾ ਦਿੱਤਾ ਕਿ ਅਸੀਂ ਇਹ ਜੰਗ ਜਿੱਤ ਲਈ ਹੈ, ਅਸੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਹੈ ਅਸੀਂ ਉਸਦੇ ਪੁੱਤਰਾਂ ਅਤੇ ਸਾਰੇ ਸਿੱਖਾਂ ਨੂੰ ਵੀ ਮਾਰ ਦਿੱਤਾ ਹੈ ਅਤੇ ਨਾਲ ਹੀ ਇਹ ਹਿਦਾਇਤ ਕੀਤੀ ਕਿ ਕੋਈ ਵੀ ਉਹਨਾਂ ਕਾਫਰਾਂ ਦੀਆਂ ਲਾਸ਼ਾਂ ਨੂੰ ਹਥ ਨਹੀਂ ਲਾਏਗਾ, ਜੋ ਵੀ ਉਹਨਾਂ ਨਾਲ ਹਮਦਰਦੀ ਦਿਖਾਏਗਾ ਉਸਦਾ ਹਸ਼ਰ ਬੁਰਾ ਹੋਏਗਾ ਹੈ ।