ਤਸੀਹੇ ਦਿੰਦੇ ਜਲਾਦ ਥੱਕ ਗਏ, ਸਾਹਿਬਜ਼ਾਦੇ ਨਾ ਡੋਲੇ ਨਾ ਡਰੇ
-ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਲਈ ਕੋਈ ਜਲਾਦ ਤਿਆਰ ਨਾ ਹੋਇਆ
--ਅੱਲ੍ਹਾ ਤਾਲਾ ਤੈਨੂੰ ਕਦੀ ਮਾਫ਼ ਨਹੀਂ ਕਰੇਗਾ
ਰਾਜਬੀਰ ਕੌਰ :- ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਜੋ ਨੇਕ ਦਿਲ ਇਨਸਾਨ ਸੀ, ਨੂੰ ਵਜੀਰ ਖਾਨ ਨੇ ਕਿਹਾ ਕਿ ਤੇਰਾ ਭਰਾ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਹੈ, ਤੂੰ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ। ਪਰ ਉਸ ਨੇ ਅੱਗੋ ਉੱਤਰ ਦਿੱਤਾ ਕਿ ਜੇ ਮੈਂ ਬਦਲਾ ਲੈਣਾ ਹੋਇਆ ਤਾਂ ਜੰਗ ਦੇ ਮੈਦਾਨ ਵਿੱਚ ਹੀ ਲਵਾਂਗਾ। ਮੈਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਅੱਲ੍ਹਾ ਨੂੰ ਕੀ ਮੂੰਹ ਦਿਖਾਵਾਂਗਾ। ਨਾਲ ਇਹ ਵੀ ਕਿਹਾ ਕਿ ਜਦ ਬੱਚਿਆਂ ਦਾ ਕਸੂਰ ਹੀ ਕੋਈ ਨਹੀਂ ਤਾਂ ਫਿਰ ਇਨ੍ਹਾਂ ਨੂੰ ਸਜ਼ਾ ਕਿਸ ਕਸੂਰ ਦੀ ਦਿੱਤੀ ਜਾ ਰਹੀ ਹੈ। ਅੱਲ੍ਹਾ ਤਾਲਾ ਤੈਨੂੰ ਕਦੀ ਮਾਫ਼ ਨਹੀਂ ਕਰੇਗਾ। ਉਸ ਨੇ ਬੜੇ ਤਰਲੇ ਪਾਏ ਕਿ ਕਿਸੇ ਤਰ੍ਹਾਂ ਬੱਚਿਆ ਨੂੰ ਸਜ਼ਾ ਨਾ ਦਿੱਤੀ ਜਾਵੇ, ਪਰ ਵਜੀਰ ਖਾਨ ਨੇ ਉਸ ਦੀ ਇੱਕ ਨਾ ਸੁਣੀ। ਸਿੱਖ ਕੌਮ ਅਜੇ ਤੱਕ ਨਵਾਬ ਮਲੇਰਕੋਟਲੇ ਦੀ ਅਹਿਸਾਨਮੰਦ ਹੈ।
ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਲਈ ਕੋਈ ਜਲਾਦ ਤਿਆਰ ਨਾ ਹੋਇਆ ਤਾਂ ਵਜੀਰ ਖਾਨ ਦਾ ਧਿਆਨ ਸਾਸ਼ਲਬੇਗ ਤੇ ਬਾਸ਼ਲ ਬੇਗ ਵੱਲ ਗਿਆ, ਜਿਨ੍ਹਾਂ ਦਾ ਮੁਕੱਦਮਾ ਸਰਹਿੰਦ ਦੀ ਕਚਿਹਰੀ ਵਿੱਚ ਚੱਲ ਰਿਹਾ ਸੀ। ਉਹ ਇਸ ਸ਼ਰਤ ’ਤੇ ਸਜ਼ਾ ਦੇਣ ਲਈ ਤਿਆਰ ਹੋ ਗਏ ਕਿ ਉਨ੍ਹਾਂ ਦਾ ਮੁਕੱਦਮਾ ਖਾਰਜ ਕੀਤਾ ਜਾਵੇ।ਇਸ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਸਾਹਿਬਜ਼ਾਦੇ ਨੀਹਾਂ ਵਿਚ ਖੜੇ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਕੱਚੀ ਕੰਧ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਹੋਸ਼ ਵਿੱਚ ਆਉਣ ’ਤੇ ਖੰਜਰ ਤਿੱਖੇ ਕਰ ਰਹੇ ਜਲਾਦਾਂ ਨੇ ਫਿਰ ਪੁੱਛਿਆ ਕਿ ਇਸਲਾਮ ਕਬੂਲ ਕਰ ਲਵੋ। ਇਸ ਤਰ੍ਹਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਥੱਲੇ ਲਿਆ ਅਤੇ ਉਨ੍ਹਾਂ ਦੀ ਸਾਹ ਨਾਲੀ ਕੱਟ ਦਿੱਤੀ। ਇਤਿਹਾਸਕ ਗ੍ਰੰਥ ਬੰਸਾਵਲੀਨਾਮੇ ਵਿੱਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਢਾਈ ਮਿੰਟਾਂ ਵਿੱਚ ਹੀ ਸ਼ਹੀਦ ਹੋ ਗਏ ਤੇ ਬਾਬਾ ਫ਼ਤਹਿ ਸਿੰਘ ਲਗਭਗ ਅੱਧੀ ਘੜੀ ਭਾਵ 12 ਮਿੰਟ ਪੈਰ ਮਾਰਦੇ ਰਹੇ ਤੇ ਖੂਨ ਨਿੱਕਲਦਾ ਰਿਹਾ, ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ ਤੇ ਸ਼ਹੀਦ ਹੋ ਗਏ। ਕੁੱਝ ਇਤਿਹਾਸਕ ਸਰੋਤ ਇਹ ਵੀ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰ ਮੱਲ ਨੇ ਜਾ ਕੇ ਦਿੱਤੀ। ਇਸ ਤੋਂ ਬਾਅਦ ਉਹ ਵੀ ਸਰੀਰ ਤਿਆਗ ਗਏ। ਕੁੱਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਪੜ੍ਹਨ ਵਿਚ ਇਹ ਵੀ ਆਉਂਦਾ ਹੈ ਕਿ ਸ਼ਹੀਦ ਕਰਨ ਤੋਂ ਪਹਿਲਾਂ ਇਕ ਬਜ਼ਾਰ ਸਜਾਇਆ ਗਿਆ, ਜਿਸ ਵਿੱਚ ਮਠਿਆਈ ਦੀਆਂ ਦੁਕਾਨਾਂ, ਖਿਡੌਣਿਆਂ ਦੀਆਂ ਦੁਕਾਨਾਂ ਅਤੇ ਸ਼ਸਤਰਾਂ ਦੀਆਂ ਦੁਕਾਨਾਂ ਲਗਾਈਆਂ ਗਈਆਂ। ਬੱਚਿਆਂ ਨੂੰ ਉੱਥੇ ਭੇਜਿਆ ਗਿਆ। ਬੱਚਿਆਂ ਨੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਵੱਲ ਵੇਖਿਆ ਤੱਕ ਵੀ ਨਹੀਂ ਤੇ ਬਾਰ ਬਾਰ ਸ਼ਸਤਰਾਂ ਦੀਆਂ ਦੁਕਾਨਾਂ ਤੇ ਜਾ ਕੇ ਉਨ੍ਹਾਂ ਨੂੰ ਹੀ ਵੇਖਦੇ ਰਹੇ। ਇਸ ਤੋਂ ਵਜੀਰ ਖਾਨ ਨੇ ਅੰਦਾਜ਼ਾ ਲਾਇਆ ਕਿ ਜੇ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਵੱਡੇ ਹੋ ਕੇ ਇਹ ਸਾਡੇ ਵਿਰੁੱਧ ਜੰਗ ਲੜਨਗੇ।
ਏਨਾ ਜ਼ੁਲਮ ਕਰਕੇ ਵੀ ਵਜੀਰ ਖਾਨ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ। ਉਸ ਨੇ ਤਿੰਨਾ ਲਾਸ਼ਾਂ ਨੂੰ ਲਾਵਾਰਸ ਹਾਲਤ ਵਿੱਚ ਰੋਲਣ ਦੇ ਖ਼ਿਆਲ ਨਾਲ ਕਿਲ੍ਹੇ ਦੀਆਂ ਦੀਵਾਰਾਂ ਦੇ ਬਾਹਰ ਹੰਸਲਾ ਨਦੀ ਦੇ ਕਿਨਾਰੇ ਉਜਾੜ ਥਾਂ ’ਤੇ ਸੁਟਵਾ ਦਿੱਤਾ। ਦਹਿਸ਼ਤ ਦਾ ਮਹੌਲ ਏਨਾ ਜ਼ਿਆਦਾ ਸੀ ਕਿ ਕੋਈ ਕੁੱਝ ਬੋਲ ਨਹੀਂ ਸੀ ਸਕਦਾ। ਕਿਸੇ ਵਿੱਚ ਵੀ ਲਾਸ਼ਾਂ ਨੂੰ ਵੇਖਣ ਤੱਕ ਦੀ ਜੁਰਅਤ ਨਹੀਂ ਸੀ। ਜਦੋਂ ਸ਼ਹਿਰ ਵਿੱਚ ਵੱਸਦੇ ਗੁਰੂ ਪਿਆਰ ਵਾਲਿਆਂ ਨੂੰ ਵਜ਼ੀਰਖਾਨ ਦੇ ਇਸ ਕੁਕਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੂਨ ਦੇ ਹੰਝੂ ਵਹਾਏ, ਪਰ ਸਰਕਾਰੀ ਕਹਿਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਸਤਿਕਾਰ ਸਹਿਤ ਸੰਸਕਾਰ ਕੀਤਾ ਜਾਵੇ।
ਦੁਨੀਆ 'ਚ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ
ਇਸ ਪਰਖ ਦੀ ਘੜੀ ਵਿੱਚ ਦੀਵਾਨ ਟੋਡਰ ਮੱਲ ਨੇ ਜੁਰਅਤ ਦੀ ਮਿਸਾਲ ਪੈਦਾ ਕੀਤੀ। ਉਸ ਨੇ ਸੰਸਕਾਰ ਕਰਨ ਲਈ ਵਜੀਰ ਖਾਨ ਅੱਗੇ ਅਰਜ਼ੋਈ ਕੀਤੀ। ਦੀਵਾਨ ਟੋਡਰ ਮੱਲ, ਵਜ਼ੀਰ ਖਾਨ ਤੋਂ ਪਹਿਲਾਂ ਸੂਬਾ ਸਰਹੰਦ ਦੇ ਬਰਾਬਰ ਦਾ ਰੁਤਬਾ ਰੱਖਣ ਵਾਲਾ ਇੱਕ ਉੱਚ ਅਧਿਕਾਰੀ ਸੀ। ਨਾਂਹ ਨੁੱਕਰ ਕਰਨ ਤੋਂ ਬਾਅਦ ਉਸ ਦਾ ਦਿੱਲੀ ਦਰਬਾਰ ਵਿੱਚ ਚੰਗਾ ਅਸਰ ਰਸੂਖ ਵੇਖ ਕੇ ਉਸ ਨੇ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਸੰਸਕਾਰ ਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਗ੍ਹਾ ਬਾਰੇ ਗੱਲ ਛਿੜੀ ਤਾਂ ਹਰ ਪਾਸੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਵਜ਼ੀਰ ਖਾਨ ਦੇ ਸ਼ਾਤਰ ਦਿਮਾਗ ਨੇ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਣ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਨ ਦਾ ਖ਼ਿਆਲ ਸੀ ਕਿ ਟੋਡਰ ਮੱਲ ਏਨੀ ਮਹਿੰਗੀ ਜ਼ਮੀਨ ਖਰੀਦ ਨਹੀਂ ਸਕੇਗਾ, ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਕਿਸ ਕਦਰ ਨੇਕ ਹਿੰਦੂ ਤੇ ਮੁਸਲਮਾਨ ਗੁਰੂ ਸਾਹਿਬ ਨਾਲ ਪਿਆਰ ਰੱਖਦੇ ਹਨ। ਗੁਰੂ ਪਿਆਰ ਵਿੱਚ ਭਿੱਜੇ ਹੋਏ ਟੋਡਰ ਮੱਲ ਨੇ ਆਪਣੀ ਪਤਨੀ ਦੇ ਗਹਿਣੇ, ਆਪਣਾ ਘਰ ਬਾਰ, ਜ਼ਮੀਨ ਜਾਇਦਾਦ ਸਭ ਕੁੱਝ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਜ਼ਮੀਨ ’ਤੇ ਵਿਛਾ ਕੇ ਸੰਸਕਾਰ ਲਈ ਜਗ੍ਹਾ ਖਰੀਦੀ। ਇਹ, ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਬਣ ਗਈ, ਜੋ ਅੱਜ ਦੇ ਸਮੇਂ ਸਾਢੇ ਤਿੰਨ ਅਰਬ ਰੁਪਏ ਬਣਦੀ ਹੈ। ਇਸ ਤਰ੍ਹਾਂ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਬਾਬਾ ਮੋਤੀ ਰਾਮ ਜੀ ਮਹਿਰਾ ਨੇ ਕੀਤੀ।
ਦੂਜੇ ਪਾਸੇ ਜਿਸ ਧਨ ਦੇ ਲਾਲਚ ਵਿੱਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਇੱਕ ਰਿਪੋਰਟ ਦੇ ਆਧਾਰ ’ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਕਮਾਂ ਵੱਲੋਂ ਉਸ ਦੀ ਮਾਰ-ਕੁਟਾਈ ਸ਼ੁਰੂ ਕੀਤੀ ਗਈ। ਕੁੱਟ ਦਾ ਮਾਰਿਆ ਗੰਗੂ ਮੋਹਰਾਂ ਦੇਣੀਆਂ ਮੰਨ ਗਿਆ। ਉਸ ਨੇ ਕਈ ਥਾਵਾਂ ਵਿਖਾਈਆਂ, ਜਿੱਥੇ ਉਸ ਨੇ ਮੋਹਰਾਂ ਦੱਬੀਆਂ ਸਨ, ਪਰ ਉਹ ਕਿਤੋਂ ਵੀ ਨਾ ਮਿਲੀਆਂ ਕਿਉਂਕਿ ਉਹ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਈਆਂ ਸਨ। ਹਾਕਮਾਂ ਨੇ ਸਮਝਿਆ ਕਿ ਗੰਗੂ ਜਾਣ-ਬੁੱਝ ਕੇ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਸਾਕਾ ਸਰਹਿੰਦ ਦੀ ਘਟਨਾ ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿੱਚ ਕੀਤੀ ਅਜਿਹੀ ਗ਼ਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਏ ਜੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿੱਚੋਂ ਇਹ ਸਾਕਾ ਸਭ ਤੋਂ ਜ਼ਿਆਦਾ ਕਠੋਰ, ਉਪੱਦਰ, ਨਿਰਦਈ ਅਤੇ ਅੱਤਿਆਚਾਰੀ ਹੈ। ਆਮ ਤੌਰ ’ਤੇ ਧਾਰਮਿਕ ਕ੍ਰੋਧ ਤੋਂ ਬੱਚੇ ਅਤੇ ਨਿਰਬਲ ਇਸਤਰੀਆਂ ਬਚੀਆਂ ਰਹਿੰਦੀਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਜੇਕਰ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਪਿਆ।