ਨੈਸ਼ਨਲ ਟਾਈਮਜ਼ ਬਿਊਰੋ :- ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬਾਨਾਂ ਦਾ ਅਸ਼ੀਰਵਾਦ ਲੈ ਰਹੀਆਂ ਹਨ। ਸੰਗਤਾਂ ਬੀਤੀ ਰਾਤ ਤੋਂ ਹੀ ਸ੍ਰੀ ਦਰਬਾਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਗਈਆਂ। ਹੱਡ ਚੀਰਵੀਂ ਠੰਢ ਅਤੇ ਸੰਘਣੀ ਧੂੰਦ ਦੇ ਬਾਵਜੂਦ ਸੰਗਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਦੱਸ ਦਈਏ ਕਿ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ 4 ਤੋਂ 7 ਘੰਟੇ ਤੱਕ ਕਤਾਰਾਂ ’ਚ ਇੰਤਜਾਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਲਈ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀਆਂ ਹਨ। ਭਾਰੀ ਠੰਡ ਤੇ ਲੰਬੇ ਇੰਤਜਾਰ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਚ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ।
ਇਸ ਦੌਰਾਨ ਸੰਗਤਾਂ ਆਪਣੇ ਆਪ ਨੂੰ ਭਾਗਾਂ ਵਾਲੀਆਂ ਸਮਝ ਰਹੀਆਂ ਹਨ ਕਿ ਉਨ੍ਹਾਂ ਨੂੰ ਇਸ ਮਹੱਤਵਪੂਰਨ ਦਿਹਾੜੇ ਸ੍ਰੀ ਗੁਰੂ ਰਾਮਦਾਸ ਦੇ ਦਰ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਹੋਰਨਾਂ ਪ੍ਰਮੁੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਦੇ ਨਾਲ ਨਾਲ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਸਮੇਤ ਅਨੇਕਾਂ ਸਿਆਸੀ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਜਿਨ੍ਹਾਂ ਨੇ ਸਾਲ 2024 ਲਈ ਗੁਰੂ ਘਰ ਦਾ ਅਸ਼ੀਰਵਾਦ ਲਿਆ। ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਲੋਂ ਵੀ ਰਿਹਾਇਸ਼, ਲੰਗਰ, ਮੈਡੀਕਲ ਸਹਾਇਤਾ ਅਤੇ ਪਾਰਕਿੰਗ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਅਤੇ ਪੁਲਿਸ ਵਲੋਂ ਵੀ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।