ਸ਼ਰੇਆਮ ਸਰਪੰਚ ਦੇ ਘਰ ਚਲਾਈ ਗੋਲੀਆਂ
ਬੀਤੀ ਰਾਤ, ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹਲਕੇ ਦੇ ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਹਰਦੀਪ ਸਿੰਘ 'ਤੇ ਉਨ੍ਹਾਂ ਦੇ ਘਰ ਦੇ ਅੰਦਰ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਪੰਚ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਸੇਵਾਮੁਕਤ ਐਸਐਚਓ ਬਲਜਿੰਦਰ ਸਿੰਘ ਦੇ ਘਰ ਦੇ ਸਾਹਮਣੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਹਮਲਾਵਰਾਂ ਨੇ ਨੌਂ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ।
ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ, ਡੀ.ਐਸ.ਪੀ. ਲਵਦੀਪ ਸਿੰਘ ਸੀ.ਆਈ.ਏ. ਇੰਚਾਰਜ ਦਲਜੀਤ ਸਿੰਘ ਬਰਾੜ, ਥਾਣਾ ਇੰਚਾਰਜ ਪੂਰਨ ਸਿੰਘ ਨਿਹਾਲ ਸਿੰਘ ਵਾਲਾ, ਚੌਕੀ ਇੰਚਾਰਜ ਬਿਲਾਸਪੁਰ ਪ੍ਰੀਤਮ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਘਟਨਾ ਤੋਂ ਕੁਝ ਸਮੇਂ ਬਾਅਦ ਵੀ, ਕਥਿਤ ਮੁਲਜ਼ਮਾਂ ਨੇ ਸਰਪੰਚ ਹਰਦੀਪ ਸਿੰਘ ਨੂੰ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਅਤੇ ਪੁੱਛਿਆ ਕਿ ਉਹ ਕਿੰਨਾ ਚਿਰ ਜ਼ਿੰਦਾ ਰਹੇਗਾ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਪੂਰੇ ਵਿਧਾਨ ਸਭਾ ਹਲਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।